ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਮੁਫਤ ‘ਚ ਕਰ ਸਕੋਗੇ, ਨਹੀਂ ਲੱਗੇਗੀ ਵੀਜ਼ਾ ਫੀਸ!
Sri Kartarpur Sahib Visa Free: ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਹੁਣ ਸੰਗਤਾਂ ਨੂੰ ਵੀਜ਼ਾ ਫੀਸ ਨਹੀਂ ਦੇਣੀ ਪਵੇਗੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ PSGCP ਵੱਲੋਂ ਇਸ ਬਿਆਨਾਂ ਵਿੱਚ ਹੋਰ ਕੀ ਕਿਹਾ ਗਿਆ ਹੈ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਾਮ ਲੇਵਾ ਸਿੱਖ ਸੰਗਤ ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੱਡੀ ਖੁਸ਼ਖ਼ਬਰੀ ਆਈ ਹੈ। ਦਰਅਸਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸਿੱਖ ਸ਼ਰਧਾਲੂ ਬਿਨ੍ਹਾਂ ਕੋਈ ਵੀਜ਼ਾ ਫੀਸ ਦਿੱਤੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰ ਕਰ ਸਕਣਗੇ।
ਕਮੇਟੀ ਵੱਲੋਂ ਆਪਣੇ ਅਧਿਕਾਰਿਤ ਸ਼ੋਸਲ ਮੀਡੀਆ ਹੈਂਡਲ X ‘ਤੇ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਲਈ ਇਹ ਵੱਡਾ ਫੈਸਲਾ ਕੀਤਾ ਹੈ। ਹਾਲਾਂਕਿ ਪੋਸਟ ਵਿੱਚ ਲਾਂਘਾ (ਕੋਰੀਡੋਰ) ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ।
Sikh pilgrims can now visit Pakistan without Visa Fee
In a welcoming move, the Government of Pakistan has decided to waive off visa fees and introduce quick visa-on-arrival for Sikh pilgrims, encouraging visits to holy sites including Gurdwara Sri Darbar Sahib Kartarpur.
The pic.twitter.com/n42LMuxZfE
ਇਹ ਵੀ ਪੜ੍ਹੋ
— Pakistan Sikh Gurdwara Parbandhak Committee (@SGPCPakistan) November 1, 2024
20 ਡਾਲਰ ਲਗਦੀ ਹੈ ਫੀਸ
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪ੍ਰਤੀ ਸ਼ਰਧਾਲੂ ਤੋਂ 20 ਡਾਲਰ ਵੀਜ਼ਾ ਫੀਸ ਲਈ ਜਾਂਦੀ ਹੈ। ਜੋ ਕਿ ਭਾਰਤੀ ਰੁਪਏ ਵਿੱਚ 16-17 ਸੌ ਰੁਪਏ ਬਣਦੀ ਹੈ। ਹੁਣ ਇਸ ਫੈਸਲੇ ਤੋਂ ਬਾਅਦ ਸ਼ਰਧਾਲੂਆਂ ਨੂੰ ਇਹ ਫੀਸ ਅਦਾ ਨਹੀਂ ਕਰਨੀ ਪਵੇਗੀ।
5 ਸਾਲ ਲਈ ਵਧਾਇਆ ਗਿਆ ਸੀ ਸਮਝੌਤਾ
ਕਰੀਬ ਇੱਕ ਹਫ਼ਤਾ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਿਤ ਸਮਝੌਤੇ ਨੂੰ ਅਗਲੇ 5 ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਦੋਵੇਂ ਦੇਸ਼ਾਂ ਵੱਲੋਂ ਯਾਤਰਾ ਨੂੰ ਹੋਰ ਬੇਹਤਰ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਵਿਚਾਰ ਵਿਟਾਂਦਰਾਂ ਕੀਤਾ ਗਿਆ ਸੀ।
ਸੰਗਤਾਂ ਵੱਲੋਂ ਲਗਾਤਾਰ ਹੋ ਰਹੀ ਸੀ ਮੰਗ
ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਮਰਾਨ ਖਾਨ ਦੀ ਅਗਵਾਈ ਵਾਲੀ ਤਤਕਾਲੀ ਪਾਕਿਸਤਾਨ ਸਰਕਾਰ ਨੇ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਸੀ। ਜਿਸ ਦੇ ਲਈ 20 ਡਾਲਰ ਫੀਸ ਰੱਖੀ ਗਈ ਸੀ। ਉਸ ਵੇਲੇ ਪਾਕਿਸਤਾਨ ਨੇ ਹਵਾਲਾ ਦਿੱਤਾ ਸੀ ਕਿ ਜੋ ਫੀਸ ਇਕੱਠੇ ਹੋਵੇਗੀ ਉਸ ਨੂੰ ਗੁਰੂਘਰ ਦੀ ਦੇਖ ਰੇਖ ਲਈ ਵਰਤਿਆ ਜਾਵੇ।
ਸਿੱਖ ਸ਼ਰਧਾਲੂਆਂ ਵੱਲੋਂ ਇਹ ਫੀਸ ਖ਼ਤਮ ਕਰਨ ਦੀ ਲਗਾਤਾਰ ਮੰਗ ਕੀਤੀ ਜਾਂਦੀ ਸੀ। ਜਿਸ ਨੂੰ ਹੁਣ ਪਾਕਿਸਤਾਨ ਨੇ ਹਟਾ ਦਿੱਤਾ ਹੈ। ਪਾਕਿਸਤਾਨ ਉਮੀਦ ਕਰ ਰਹੀ ਹੈ ਕਿ ਫੀਸ ਖ਼ਤਮ ਹੋਣ ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ।
ਕਰਤਾਰਪੁਰ ਲਾਂਘੇ ਸਬੰਧੀ ਸਪੱਸ਼ਟ ਨਹੀਂ ਫੈਸਲਾ- ਗਰੇਵਾਲ
ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫੈਸਲਾ ਸ਼ਲਾਘਾਯੋਗ ਹੈ ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰਤ ਸੂਚਨਾ ਨਹੀਂ ਪਹੁੰਚੀ ਹੈ। ਜੋ ਪਾਕਿਸਤਾਨੀ ਕਮੇਟੀ ਦਾ ਟਵੀਟ ਆਇਆ ਹੈ। ਉਸ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੋਈ ਸਪੱਸਟ ਜ਼ਿਕਰ ਨਹੀਂ ਹੈ।