Baba Farid Ji Aagman Purab: ਸ਼ੇਖ ਫ਼ਰੀਦ ਆਗਮਨ ਪੁਰਬ, ਖੇਡਾਂ, ਸੱਭਿਆਚਾਰਕ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਇਕ ਮਹਾਂਕੁੰਭ

Updated On: 

21 Sep 2024 18:23 PM

Baba Farid Ji Aagman Purab: ਆਖਿਆ ਜਾਂਦਾ ਹੈ ਜਿੱਥੇ ਕਿਸੇ ਪਵਿੱਤਰ ਰੂਹ ਦੇ ਚਰਨ ਪੈ ਜਾਣ ਤਾਂ ਉਹ ਧਰਤੀ ਸੁਹਾਵਣੀ ਹੋ ਜਾਂਦੀ ਹੈ। ਉਹ ਇਲਾਕੇ ਅਬਾਦ ਹੋ ਜਾਂਦੇ ਹਨ। ਉਹਨਾਂ ਇਲਾਕਿਆਂ ਤੇ ਮੇਹਰ ਦੀ ਨਜ਼ਰ ਰਹਿੰਦੀ ਹੈ। ਅਜਿਹਾ ਹੀ ਇੱਕ ਇਲਾਕਾ ਹੈ ਪੰਜਾਬ ਦਾ ਜ਼ਿਲ੍ਹਾ ਫ਼ਰੀਦਕੋਟ। ਸੂਫ਼ੀ ਭਗਤ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਆਓ ਇਸ ਜਾਣੀਏ ਫ਼ਰੀਦਕੋਟ ਦੇ ਇਸ ਪਵਿੱਤਰ ਇਤਿਹਾਸ ਬਾਰੇ।

Baba Farid Ji Aagman Purab: ਸ਼ੇਖ ਫ਼ਰੀਦ ਆਗਮਨ ਪੁਰਬ, ਖੇਡਾਂ, ਸੱਭਿਆਚਾਰਕ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਇਕ ਮਹਾਂਕੁੰਭ
Follow Us On

Faridkot History: ਫਰੀਦਕੋਟ ਵਿੱਚ ਹਰ ਸਾਲ ਪੰਜ ਰੋਜਾ ਸੇਖ ਫਰੀਦ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਮਨਾਇਆ ਜਾਂਦਾ ਹੈ ਜਿਸ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਰਧਾਲੂ, ਸੱਭਿਆਚਾਰਕ ਪ੍ਰੇਮੀ, ਸਾਹਿਤ ਰਸੱਈਏ ਅਤੇ ਖੇਡ ਪ੍ਰੇਮੀ ਸ਼ਿਰਕਤ ਕਰਦੇ ਹਨ।ਇਸ ਮੇਲੇ ਵਿੱਚ ਜਿੱਥੇ ਕੌਮੀ ਪੱਧਰ ਦੇ ਹਾਕੀ, ਕ੍ਰਿਕਟ, ਬਾਸਕਿਟ ਬਾਲ, ਹੈਂਡਬਾਲ, ਵਾਲੀਬਾਲ, ਫੁੱਟਬਾਲ, ਕਬੱਡੀ, ਰੈਸਲਿੰਗ ਅਤੇ ਗੱਤਕੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਥੇ ਹੀ ਉੱਚ ਕੋਟੀ ਦੇ ਗਾਇਕ ਅਤੇ ਰੰਗਕਰਮੀਂ ਵੀ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ।

ਇਹ ਮੇਲਾ ਬਾਰਵੀ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇ ਸੰਬੰਧ ਵਿਚ ਮਨਾਇਆ ਜਾਂਦਾ ਹੈ। ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਬਾਰ੍ਹਵੀਂ ਸਦੀ ਵਿੱਚ ਮੁਸਲਿਮ ਫਕੀਰ ਬਾਬਾ ਸ਼ੇਖ ਫਰੀਦ ਜੀ ਦਿੱਲੀ ਤੋਂ ਪਾਕਪਟਨ (ਹੁਣ ਪਾਕਿਸਤਾਨ) ਨੂੰ ਜਾਂਦੇ ਹੋਏ ਫਰੀਦਕੋਟ ਵਿਚੋਂ ਲੰਘੇ ਸਨ ਅਤੇ ਫਰੀਦਕੋਟ ਵਿਖੇ ਉਹਨਾਂ ਦੀ ਆਮਦ ਸਤੰਬਰ ਮਹੀਨੇ ਵਿਚ ਮੰਨੀ ਜਾਂਦੀ।

ਮੋਕਲਹਰ ਸੀ ਫ਼ਰੀਦਕੋਟ ਦਾ ਪੁਰਾਣਾ ਨਾਮ

ਜਦੋਂ ਬਾਬਾ ਸੇਖ ਫਰੀਦ ਜੀ ਫਰੀਦਕੋਟ ਪਹੁੰਚੇ ਤਾਂ ਉਸ ਸਮੇਂ ਇਸ ਸਹਿਰ ਦਾ ਨਾਮ ਇਥੋਂ ਦੇ ਰਾਜਾ ਮੋਕਲਸੀ ਦੇ ਨਾਮ ਤੇ ਮੋਕਲਹਰ ਸੀ। ਉਸ ਵਕਤ ਰਾਜੇ ਵੱਲੋਂ ਆਪਣੇ ਮਜਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਆਉਂਦੇ ਹੋਏ ਸ਼ਹਿਰ ਦੇ ਬਾਹਰ ਰੋਹੀ ਵਿੱਚ ਰੁਕੇ ਤਾਂ ਉਹਨਾਂ ਨੇ ਆਪਣੀ ਗੋਦੜੀ ਅਤੇ ਆਪਣਾ ਫਕੀਰਾਂ ਵਾਲਾ ਬਾਣਾ ਉਤਾਰ ਕਿ ਮਲ੍ਹੇ ਦੇ ਇਕ ਦਰੱਖਤ ਉਪਰ ਟੰਗ ਦਿੱਤਾ ਸੀ ਅਤੇ ਖੁਦ ਖਾਣੇ ਦੀ ਭਾਲ ਵਿਚ ਸਹਿਰ ਵਿਚ ਆ ਗਏ।

ਕਿਲ੍ਹੇ ਦੀ ਉਸਾਰੀ ਵਿੱਚ ਲਗਾਏ ਗਏ ਬਾਬਾ ਫ਼ਰੀਦ

ਜਿੱਥੇ ਰਾਜੇ ਦੇ ਸਿਪਾਹੀਆ ਨੇ ਬਾਬਾ ਫਰੀਦ ਜੀ ਨੂੰ ਫੜ੍ਹ ਕੇ ਕਿਲ੍ਹੇ ਦੀ ਹੋ ਰਹੀ ਉਸਾਰੀ ਦੇ ਕੰਮ ਤੇ ਲਗਾ ਲਿਆ ਸੀ ਅਤੇ ਉਹਨਾਂ ਦੇ ਸਿਰ ਤੇ ਗਾਰੇ ਦੀ ਭਰੀ ਟੋਕਰੀ ਚੁਕਵਾ ਦਿੱਤੀ ਸੀ। ਇਤਿਹਾਸਕਾਰਾਂ ਮੁਤਾਬਿਕ ਗਾਰੇ ਵਾਲੀ ਟੋਕਰੀ ਬਾਬਾ ਫਰੀਦ ਜੀ ਦੇ ਸਿਰ ਤੋਂ ਸਵਾ ਹੱਥ ਉਪਰ ਹਵਾ ਵਿੱਚ ਤੈਰਦੀ ਰਹੀ ਅਤੇ ਇਹ ਕੌਤਕ ਵੇਖ ਕੇ ਸਭ ਹੈਰਾਨ ਹੋ ਗਏ ਅਤੇ ਜਦੋਂ ਇਸ ਦਾ ਪਤਾ ਰਾਜਾ ਮੋਕਲਸੀ ਨੂੰ ਲੱਗਾ ਤਾਂ ਉਹਨਾਂ ਆ ਕੇ ਬਾਬਾ ਫਰੀਦ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਲਈ ਖਿਮਾਂ ਯਾਚਨਾਂ ਕੀਤੀ।

ਟਿੱਲਾ ਬਾਬਾ ਫਰੀਦ ਜੀ

ਇਤਿਹਾਸਕਾਰਾਂ ਮੰਨਣਾ ਹੈ ਕਿ ਜਿਸ ਥਾਂ ਤੇ ਇਹ ਘਟਨਾ ਵਾਪਰੀ ਉਸੇ ਜਗ੍ਹਾਂ ਤੇ ਅੱਜ ਕੱਲ੍ਹ ਟਿੱਲਾ ਬਾਬਾ ਫਰੀਦ ਜੀ ਮੌਜੂਦ ਹੈ ਅਤੇ ਇਹ ਵੀ ਕਿਹਾ ਜਾਂਦਾ ਕਿ ਇਸ ਟਿੱਲੇ ਅੰਦਰ ਅੱਜ ਵੀ ਉਹ ਦੋ ਵਣ ਦੇ ਦਰੱਖਤ ਮੌਜੂਦ ਹਨ ਜਿੰਨਾਂ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿਬੜੇ ਹੱਥ ਸਾਫ ਕੀਤੇ ਸਨ। ਬਾਬਾ ਫਰੀਦ ਜੀ ਦੇ ਫਰੀਦਕੋਟ ਆਉਣ ਦੇ ਸੰਬੰਧ ਵਿੱਚ ਹੀ ਹੁਣ ਹਰ ਸਾਲ ਇਥੇ ਸੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ।

ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮੌਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਕਲਾਕਾਰ

1969 ਤੋਂ ਮਨਾਇਆ ਜਾ ਲੱਗਿਆ ਆਗਮਨ ਪੁਰਬ

ਇਸ ਆਗਮਨ ਪੁਰਬ ਦੀ ਸੁਰੂਆਤ ਬਾਬਾ ਫਰੀਦ ਸੰਸਥਾਵਾਂ ਦੇ ਮੁਖੀ ਮਰਹੂਮ ਸਵ. ਇੰਦਰਜੀਤ ਸਿੰਘ ਖਾਲਸਾ ਵੱਲੋਂ 1969 ਵਿਚ ਕੀਤੀ ਗਈ ਸੀ। ਉਸ ਵੇਲੇ ਉਹਨਾਂ ਵੱਲੋਂ ਟਿੱਲਾ ਬਾਬਾ ਫਰੀਦ ਜੀ ਵਿਖੇ 21 ਸਤੰਬਰ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾਏ ਗਏ ਅਤੇ 23 ਸਤੰਬਰ ਨੂੰ ਭੋਗ ਪਾਏ ਗਏ। ਇਸ ਤੋਂ ਬਾਅਦ ਇਸ ਛੋਟੇ ਜਿਹੇ ਉਪਰਾਲੇ ਨੇ ਵੱਡੇ ਮੇਲੇ ਦਾ ਰੂਪ ਧਾਰਨਾ ਸ਼ੁਰੂ ਕੀਤਾ ਅਤੇ 23 ਸਤੰਬਰ 1986 ਵਿਚ ਪਹਿਲੀ ਵਾਰ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਇਕ ਨਗਰ ਕੀਰਤਨ ਸਜਾਇਆ ਗਿਆ।

ਗੱਤਕੇ ਦਾ ਪ੍ਰਦਰਸ਼ਨ ਕਰਦੇ ਹੋਏ ਨਿਹੰਗ ਸਿੰਘ

ਇਸੇ ਹੀ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਇਸ ਮੇਲੇ ਨੂੰ ਟੇਕਓਵਰ ਕਰ ਲਿਆ ਗਿਆ ਅਤੇ ਇਸ ਦਾ ਆਯੋਜਨ ਬਾਬਾ ਫਰੀਦ ਸੰਸਥਾਂਵਾਂ ਅਤੇ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਰਾਹੀ ਸਾਂਝੇ ਤੌਰ ਤੇ ਕੀਤਾ ਜਾਣ ਲੱਗਾ। ਸਾਲ 2008-09 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਸ ਮੇਲੇ ਨੂੰ ਵਿਰਾਸਤੀ ਮੇਲੇ ਦਾ ਦਰਜਾ ਦਿੱਤਾ ਗਿਆ। ਜਿਸ ਤਹਿਤ ਮੇਲੇ ਦੇ ਪ੍ਰਬੰਧ ਲਈ ਪੰਜਾਬ ਸਰਕਾਰ ਵੱਲੋਂ ਫੰਡ ਮੁਹਾਈਆ ਕਰਵਾਏ ਜਾਣ ਲੱਗੇ ਅਤੇ ਮੌਜੂਦਾ ਸਮੇਂ ਵਿੱਚ ਇਹ ਫੰਡ ਕਰੀਬ 50 ਲੱਖ ਰੁਪਏ ਸਲਾਨਾ ਤੇ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮੇਲੇ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ ਇੱਥੇ ਖੁੱਲ੍ਹੇ ਖੇਡ ਦੇ ਮੈਦਾਨ ਅਤੇ ਅਣਗਿਣਤ ਵਿੱਦਿਅਕ ਸੰਸਥਾਵਾਂ ਅਤੇ ਖੇਡ ਪ੍ਰੇਮੀ ਹੋਣ ਕਾਰਨ ਕਈ ਖੇਡ ਮੁਕਾਬਲਿਆ ਦਾ ਆਯੋਜਨ ਹੋਣ ਲੱਗਾ ਜੋ ਲਗਾਤਾਰ ਜਾਰੀ ਹੈ।

ਨਹੀਂ ਲੱਗਦੀ ਸਿਆਸੀ ਸਟੇਜ

ਫਰੀਦਕੋਟ ਵਿਚ ਮਨਾਇਆ ਜਾਣ ਵਾਲਾ ਇਹ ਸੇਖ ਫਰੀਦ ਆਗਮਨ ਪੁਰਬ ਪੰਜਾਬ ਦਾ ਇਕੋ ਇਕ ਅਜਿਹਾ ਮੇਲਾ ਹੈ ਜੋ ਲਗਾਤਾਰ ਪੰਜ ਦਿਨ ਚਲਦਾ ਹੈ, ਲੱਖਾਂ ਦੀ ਗਿਣਤੀ ਵਿਚ ਇੱਥੇ ਲੋਕ ਸ਼ਿਰਕਤ ਕਰਦੇ ਹਨ ਪਰ ਇੱਥੇ ਅੱਜ ਤੱਕ ਕਦੇ ਵੀ ਕੋਈ ਸਿਆਸੀ ਸਟੇਜ ਨਹੀਂ ਲੱਗੀ।

ਪੰਜ ਰੋਜਾ ਵਿਰਾਸਤੀ ਮੇਲਾ ਹੁਣ 10 ਰੋਜਾ ਕਰਾਫਟ ਮੇਲੇ ਵਿੱਚ ਹੋਇਆ ਤਬਦੀਲ

1986 ਤੋਂ ਇਹ ਆਗਮਨ ਪੁਰਬ ਮੇਲਾ 19 ਤੋਂ 23 ਸਤੰਬਰ ਤੱਕ ਪੰਜ ਦਿਨ ਚਲਦਾ ਸੀ ਜਿਸ ਵਿਚ ਪਹਿਲੇ ਦਿਨ ਇਸ ਦੀ ਸ਼ੁਰੂਆਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਹੁੰਦੀ ਅਤੇ ਉਸ ਤੋਂ ਬਾਅਦ ਕਾਫਲਾ ਏ ਵਿਰਾਸਤ, ਖੂਨਦਾਨ ਕੈਂਪ, ਪੁਸਤਕ ਪ੍ਰਦਰਸਨ, ਵੱਖ- ਵੱਖ ਖੇਡਾਂ ਦਾ ਆਗਾਜ ਹੁੰਦਾ ਸੀ। ਮੇਲੇ ਦਾ ਸੰਬੰਧ ਸੇਖ ਫਰੀਦ ਸੂਫੀ ਸੰਤ ਨਾਲ ਹੋਣ ਕਾਰਨ ਇਕ ਦਿਨ ਸੂਫੀਆਨਾ ਏ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਸੀ ਅਤੇ ਪੰਜਾਬ ਦੇ ਨਾਮੀ ਸੂਫੀ ਗਾਇਕ ਇਥੇ ਬੁਲਾਏ ਜਾਂਦੇ ਸਨ।

ਆਪਣਾ ਸੱਭਿਆਚਾਰਿਕ ਪਹਿਰਾਵਾ ਪਹਿਨੀਆਂ ਲੜਕੀਆਂ

ਉਸ ਤੋਂ ਬਾਅਦ ਪੇਂਡੂ ਖੇਡ ਮੇਲੇ ਦਾ ਆਯੋਜਨ ਕੀਤਾ ਜਾਂਦਾ ਸੀ ਅਤੇ ਅਖੀਰਲੇ ਦਿਨ 23 ਸਤੰਬਰ ਨੂੰ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਸੀ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੁੰਦੇ ਸਨ ਅਤੇ ਇਹ ਨਗਰ ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਜਾ ਕੇ ਸਮਾਪਤ ਹੁੰਦਾ ਸੀ ਅਤੇ ਇਸ ਦੇ ਨਾਲ ਹੀ ਮੇਲੇ ਦੀ ਸਮਾਪਤੀ ਹੋ ਜਾਂਦੀ ਸੀ।ਪਰ ਸਾਲ 2019 ਵਿਚ ਇੱਥੇ ਪਹਿਲੀਵਾਰ ਡਿਪਟੀ ਕਮਿਸ਼ਨਰ ਬਣ ਕੇ ਆਏ ਆਈਏਐਸ ਅਧਿਕਾਰੀ ਕੁਮਾਰ ਸੌਰਵ ਰਾਜ ਨੇ ਇਸ ਪੰਜ ਰੋਜਾ ਵਿਰਾਸਤੀ ਮੇਲੇ ਨੂੰ 10 ਰੋਜਾ ਕਰਾਫਟ ਮੇਲੇ ਵਿਚ ਤਬਦੀਲ ਕਰ ਦਿੱਤਾ।

ਮੇਲੇ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਕਲਾਕਾਰ

ਫਰੀਦਕੋਟੀਆ ਨੇ ਇਸ ਕਰਾਫਟ ਮੇਲੇ ਨੂੰ ਇੰਨ੍ਹਾਂ ਹੁੰਗਾਰਾ ਦਿੱਤਾ ਕਿ ਉਸ ਤੋਂ ਬਾਅਦ ਇਹ ਮੇਲਾ ਹੁਣ ਲਗਾਤਾਰ 10 ਰੋਜ਼ਾ ਕਰਾਫਟ ਮੇਲੇ ਵਿਚ ਤਬਦੀਲ ਹੋ ਗਿਆ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿਚ ਭਾਰਤ ਦੇ ਕੋਨੇ ਕੋਨੇ ਤੋਂ ਦਸਤਕਾਰ ਇਥੇ ਆ ਕੇ ਆਪਣੀਆਂ ਸਟਾਲਾਂ ਲਗਾਉਂਦੇ ਹਨ । ਫਰੀਦਕੋਟੀਏ ਵੀ ਦਿਲ ਖੋਲ੍ਹ ਕੇ ਖ੍ਰੀਦੋ-ਫਰੋਖਤ ਕਰਦੇ ਹਨ।

ਸੂਫੀ ਸ਼ਾਮ ਦੌਰਾਨ ਗਾਉਂਦੀ ਹੋਈ ਗਾਇਕਾ

ਪੰਜ ਦਿਨ ਲਗਾਤਾਰ ਚੱਲਦੇ ਹਨ ਥਾਂ ਥਾਂ ਤੇ ਲੰਗਰ

ਇਸ ਸੇਖ ਫਰੀਦ ਆਗਮਨ ਪੁਰਬ ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਖਾਣ ਪੀਣ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਪੂਰੇ ਸਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਸੰਗਤਾਂ ਵੱਲੋਂ ਪੂਰੇ 5 ਦਿਨਾਂ ਤੱਕ ਲਗਾਏ ਜਾਂਦੇ ਹਨ। ਜੋ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ।

ਆਗਮਨ ਪੁਰਬ ਮੌਕੇ ਵਿਦਿਆਰਥੀ

ਹਰ ਸਾਲ ਦਿੱਤੇ ਜਾਂਦੇ ਹਨ ਵਕਾਰੀ ਐਵਾਰਡ

ਸੇਖ ਫਰੀਦ ਆਗਮਨ ਪੁਰਬ ਦੇ ਮੋਢੀ ਅਤੇ ਬਾਬਾ ਫਰੀਦ ਸੰਸਥਾਂਵਾਂ ਦੇ ਸੰਸ਼ਥਾਪਕ ਮਰਹੂਮ ਸਵ. ਇੰਦਰਜੀਤ ਸਿੰਘ ਖਾਲਸਾ ਵੱਲੋਂ ਦੇਸ਼ ਅੰਦਰ ਇਮਾਨਦਾਰੀ ਨਾਲ ਨੌਕਰੀ ਅਤੇ ਨਿਰਸਵਾਰਥ ਸੇਵਾ ਕਰਨ ਵਾਲੇ ਲੋਕਾਂ ਨੂੰ ਉਤਸਾਹਿਤ ਕਰਨ ਲਈ 2 ਵਕਾਰੀ ਐਵਾਰਡ ਸਾਲ 2000 ਵਿੱਚ ਸੁਰੂ ਕੀਤੇ ਗਏ ਸਨ। ਜਿਸ ਤਹਿਤ ਸਰਕਾਰੀ ਨੌਕਰੀ ਤੇ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਨੂੰ ਬਾਬਾ ਐਵਾਰਡ ਫਾਰ ਔਨੈਸਟੀ ਅਤੇ ਨਿਰਸਵਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੇ ਵਿਅਕਤੀ/ ਸੰਸਥਾ ਨੂੰ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸਜ ਟੂ ਹਿਊਮੈਨਟੀ ਦਿੱਤਾ ਜਾਂਦਾ ਹੈ। ਜਿਸ ਵਿਚ ਇਕ-ਇੱਕ ਲੱਖ ਰੁਪੈ ਨਕਦ, ਸਾਈਟੇਸ਼ਨ ਅਤੇ ਦੋਸ਼ਾਲਾ ਭੇਂਟ ਕੀਤਾ ਜਾਂਦਾ ਸੀ।

ਪਰ ਸਮਾਂ ਪਾ ਕੇ ਇਸ ਇਮਾਨਦਾਰੀ ਦੇ ਐਵਾਰਡ ਨੂੰ ਕੁਝ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਤੇ ਸਾਲ 2019 ਵਿਚ ਬੰਦ ਕਰ ਦਿੱਤਾ ਗਿਆ ਸੀ ਅਤੇ ਸਿਰਫ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸਜ ਟੂ ਹਿਊਮੈਨਟੀ ਦਿੱਤਾ ਜਾਣ ਲੱਗਾ। ਪਰ ਸਾਲ 2021 ਵਿਚ ਇਸ ਐਵਾਰਡ ਦਾ ਨਾਮ ਬਦਲ ਕੇ ਬਾਬਾ ਫਰੀਦ ਐਵਾਰਡ ਫਾਰ ਸਰਵਿਸਜ ਟੂ ਹਿਉਮੈਨਟੀ ਕਰ ਦਿੱਤਾ ਗਿਆ ਇਸ ਵਾਰ ਇਹ ਐਵਾਰਡ ਦੁਬਈ ਦੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ.ਪੀ.ਐਸ. ਉਬਰਾਏ ਨੂੰ ਦਿੱਤਾ ਜਾ ਰਿਹਾ।

Exit mobile version