ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਇਹ ਹੋਵੇਗਾ ਨਾਂ, MP ਸਰਬਜੀਤ ਖਾਲਸਾ ਨੇ ਕੀਤਾ ਐਲਾਨ

Updated On: 

04 Jan 2025 16:30 PM

ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਨਵੀਂ ਪਾਰਟੀ ਦਾ ਐਲਾਨ 14 ਜਨਵਰੀ ਨੂੰ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ ਦੌਰਾਨ ਕੀਤਾ ਜਾਵੇਗਾ।

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਇਹ ਹੋਵੇਗਾ ਨਾਂ, MP ਸਰਬਜੀਤ ਖਾਲਸਾ ਨੇ ਕੀਤਾ ਐਲਾਨ

ਸਾਂਸਦ ਅੰਮ੍ਰਿਤਪਾਲ ਸਿੰਘ

Follow Us On

ਪੰਜਾਬ ਦੇ ਫਰੀਦਕੋਟ ਅਤੇ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਤਿਆਰੀ ਕਰ ਲਈ ਹੈ। ਇਸ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ, ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਮੇਲੇ ਮੌਕੇ ਹੋਣ ਵਾਲੀ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਵਿੱਚ ਕੀਤਾ ਜਾਵੇਗਾ।

ਸ਼ਨੀਵਾਰ ਨੂੰ ਕੋਟਕਪੂਰਾ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ ਕਰਕੇ 14 ਜਨਵਰੀ ਨੂੰ ਮਾਘੀ ਮੇਲੇ ਸਬੰਧੀ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸਾਰਿਆਂ ਨੂੰ ਨਵੀਂ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ।

ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ। ਇਸ ਵਿੱਚ ਸੂਬੇ ਭਰ ਵਿੱਚੋਂ ਸਾਫ਼ ਅਕਸ ਵਾਲੇ ਅਜਿਹੇ ਧਾਰਮਿਕ ਆਗੂ ਸ਼ਾਮਲ ਹੋਣਗੇ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਲਈ ਸਿਆਸੀ ਤੌਰ ਤੇ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਨੂੰ ਬਚਾਉਣ ਲਈ ਨਵੀਂ ਸਿਆਸੀ ਪਾਰਟੀ ਦਾ ਗਠਨ ਜ਼ਰੂਰੀ ਹੋ ਗਿਆ ਹੈ ਅਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇਸ ਨਵੀਂ ਸਿਆਸੀ ਪਾਰਟੀ ਰਾਹੀਂ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਸੰਕੇਤ ਵੀ ਦਿੱਤੇ।

ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅੰਮ੍ਰਿਤਪਾਲ ਸਿੰਘ ਨੇ 4,04,430 ਵੋਟਾਂ ਨਾਲ ਵੱਡੀ ਲੀਡ ਹਾਸਲ ਕੀਤੀ ਸੀ। ਇਸ ਚੋਣ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਸਨ, ਜਿਨ੍ਹਾਂ ਨੂੰ 2,07,310 ਵੋਟਾਂ ਮਿਲੀਆਂ। ਜਿੱਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਵਕੀਲ ਉਸ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਗਏ ਸਨ।

ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਪ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70 ਹਜ਼ਾਰ 53 ਵੋਟਾਂ ਨਾਲ ਹਰਾਇਆ ਸੀ। ਇਸ ਚੋਣ ਵਿੱਚ ਖਾਲਸਾ ਨੂੰ 2 ਲੱਖ 98 ਹਜ਼ਾਰ 62 ਵੋਟਾਂ ਮਿਲੀਆਂ ਸਨ। ਜਦੋਂ ਕਿ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ 2 ਲੱਖ 28 ਹਜ਼ਾਰ 9 ਵੋਟਾਂ ਪਈਆਂ ਸਨ। ਕਾਂਗਰਸ ਤੀਜੇ ਸਥਾਨ ‘ਤੇ ਰਹੀ ਸੀ।