ਬੱਚਿਆਂ ਨੂੰ ਬਾਹਰ ਭੇਜਣ ‘ਚ ਦੁਚਿੱਤੀ, ਭਾਰਤ-ਕੈਨੇਡਾ ਟਕਰਾਅ ਵਿਚਾਲੇ ਮਾਪਿਆਂ ਦੀ ਵੱਧ ਰਹੀ ਚਿੰਤਾ

Updated On: 

29 Oct 2024 15:44 PM

India-Canada Relations: ਕੈਨੇਡਾ ਵਿੱਚ ਪੀਆਰ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵੇਲ੍ਹੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਜਿਸ ਤਰ੍ਹਾਂ ਦੇ ਹਨ, ਹਰ ਕਿਸੇ ਦੇ ਮਨ ਵਿੱਚ ਡਰ ਹੈ। ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ ਅਰਜ਼ੀ ਦਿੰਦੇ ਹਨ, ਤਾਂ ਉਹ ਰੱਦ ਹੋ ਜਾਂਦੀ ਹੈ। ਇਸ ਕਰਕੇ ਬੱਚੇ ਭਾਰਤੀ ਕਾਲਜਾਂ ਵਿੱਚ ਦਾਖ਼ਲਾ ਲੈ ਰਹੇ ਹਨ। ਮਾਪਿਆਂ ਦੀ ਮੰਗ ਹੈ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਜਲਦੀ ਤੋਂ ਜਲਦੀ ਸੁਧਾਰ ਹੋਣਾ ਚਾਹੀਦਾ ਹੈ।

ਬੱਚਿਆਂ ਨੂੰ ਬਾਹਰ ਭੇਜਣ ਚ ਦੁਚਿੱਤੀ, ਭਾਰਤ-ਕੈਨੇਡਾ ਟਕਰਾਅ ਵਿਚਾਲੇ ਮਾਪਿਆਂ ਦੀ ਵੱਧ ਰਹੀ ਚਿੰਤਾ
Follow Us On

India Canada Conflict: ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਟਕਰਾਅ ਕਾਰਨ ਕੈਨੇਡਾ ਵਿੱਚ ਰਹਿੰਦੇ ਭਾਰਤੀ ਬੱਚਿਆਂ ਦੇ ਪਰਿਵਾਰਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨਿਰਮਾਣ ਲਈ ਇੰਨਾ ਪੈਸਾ ਲਾਇਆ ਹੈ, ਪਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਖਟਾਸ ਕਾਰਨ ਉਨ੍ਹਾਂ ਦੇ ਮਨ ‘ਚ ਡਰ ਵੱਸ ਗਿਆ ਹੈ। ਇਹ ਸਾਰੇ ਲੋਕ ਕਾਫੀ ਡਰੇ ਹੋਏ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਇਕੱਠੇ ਬੈਠ ਕੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ।

ਹਾਲ ਹੀ ਵਿੱਚ ਇਕ ਭਾਰਤੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕੈਨੇਡਾ ‘ਚ ਭਾਰਤ ਦੇ ਮੁੱਖ ਡਿਪਲੋਮੈਟ ਰਹਿ ਚੁੱਕੇ ਸੰਜੇ ਵਰਮਾ ਨੇ ਵੀ ਕੈਨੇਡਾ ‘ਚ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ 2023 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਲਗਭਗ 3,19,000 ਭਾਰਤੀ ਵਿਦਿਆਰਥੀ ਰਹਿ ਰਹੇ ਹਨ। ਖਾਲਿਸਤਾਨ ਸਮਰਥਕ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਕੈਨੇਡਾ ਵਿੱਚ ਨੌਕਰੀਆਂ ਦੀ ਸਥਿਤੀ ਚੰਗੀ ਨਹੀਂ ਹੈ, ਜੇਕਰ ਨੌਕਰੀ ਹੈ ਵੀ ਤਾਂ ਉਸ ਲਈ ਵਿਦਿਆਰਥੀਆਂ ਨੂੰ ਚੰਗੀ ਤਨਖਾਹ ਨਹੀਂ ਮਿਲ ਰਹੀ ਹੈ।

ਸੰਜੇ ਵਰਮਾ ਨੇ ਖਦਸ਼ਾ ਜਤਾਇਆ ਕਿ ਖਾਲਿਸਤਾਨ ਸਮਰਥਕ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਪ੍ਰਦਰਸ਼ਨਾਂ ਵਿੱਚ ਲੈ ਜਾ ਸਕਦੇ ਹਨ ਅਤੇ ਨਾਲ ਹੀ ਇਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਹੋਰ ਅਪਰਾਧਾਂ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਅਜਿਹੇ ਅਸਮਾਜਿਕ ਅਨਸਰਾਂ ਤੋਂ ਦੂਰ ਰਹਿਣ ਦੀ ਲੋੜ ਹੈ। ਵਰਮਾ ਦੇ ਅਜਿਹੇ ਬਿਆਨਾਂ ਦਾ ਅਸਰ ਭਾਰਤੀ ਵਿਦਿਆਰਥੀਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਟਰੂਡੋ ਸਰਕਾਰ ਨੇ ਲਿਆ ਹੈ ਇਹ ਫੈਸਲਾ

24 ਅਕਤੂਬਰ 2024 ਨੂੰ ਛਪੀ ਖ਼ਬਰ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਖਬਰ ਮੁਤਾਬਕ ਕੈਨੇਡਾ ਸਾਲ 2025 ਤੱਕ ਪ੍ਰਵਾਸੀਆਂ ਦੀ ਗਿਣਤੀ 21 ਫੀਸਦੀ ਤੱਕ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਕੈਨੇਡੀਅਨ ਕੰਪਨੀਆਂ ‘ਤੇ ਨਵੇਂ ਨਿਯਮ ਲਾਗੂ ਕਰਨਗੇ, ਜਿਸ ‘ਚ ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕੰਮ ‘ਚ ਕੈਨੇਡੀਅਨ ਲੋਕਾਂ ਨੂੰ ਤਰਜੀਹ ਕਿਉਂ ਨਹੀਂ ਦੇ ਰਹੇ ਹਨ।

ਕੈਨੇਡਾ ਵਿੱਚ ਪੀਆਰ ਬੱਚਿਆਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਜਿਸ ਤਰ੍ਹਾਂ ਦੇ ਹਨ, ਹਰ ਕਿਸੇ ਦੇ ਮਨ ਵਿੱਚ ਡਰ ਹੈ। ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ ਅਰਜ਼ੀ ਦਿੰਦੇ ਹਨ, ਤਾਂ ਇਹ ਰੱਦ ਹੋ ਜਾਂਦੀ ਹੈ। ਇਸ ਕਰਕੇ ਬੱਚੇ ਭਾਰਤੀ ਕਾਲਜਾਂ ਵਿੱਚ ਦਾਖ਼ਲਾ ਲੈ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਰਿਸ਼ਤਿਆਂ ਵਿੱਚ ਜਲਦੀ ਤੋਂ ਜਲਦੀ ਸੁਧਾਰ ਹੋਣਾ ਚਾਹੀਦਾ ਹੈ ਤਾਂ ਜੋ ਸੁਪਨੇ ਪੂਰੇ ਕਰਨ ਲਈ ਆਪਣਿਆਂ ਤੋਂ ਦੂਰ ਗਏ ਇਨ੍ਹਾਂ ਭਾਰਤੀ ਬੱਚਿਆਂ ਨੂੰ ਆਪਣੀ ਮਜ਼ਿਲ ਮਿਲਣ ਚ ਆਸਾਨੀ ਹੋ ਸਕੇ।

ਸਿਆਸਤਦਾਨਾਂ ਦੀ ਮਾਪਿਆਂ ਨੂੰ ਸਲਾਹ

ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਚ ਆਈ ਕੁੜਤਣ ਤੋਂ ਚਿੰਤਿੰਤ ਸਿਆਸਤਦਾਨ ਵੀ ਮਾਪਿਆਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਸੋਚ-ਸਮਝ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ। ਕੈਨੇਡਾ ਬਾਰੇ ਗੱਲ ਕਰਦਿਆਂ ਸਾਬਕਾ ਹਾਕੀ ਖਿਡਾਰੀ ਅਤੇ ਮੌਜੂਦਾ ਕਾਂਗਰਸ ਆਗੂ ਪਰਗਟ ਸਿੰਘ ਨੇ ਕਿਹਾ ਕਿ ਉੱਥੇ ਦੇ ਹਾਲਾਤ ਇਸ ਵੇਲ੍ਹੇ ਸਹੀ ਨਹੀਂ ਹਨ। ਉੱਥੇ ਪੜ੍ਹਾਈ ਅਤੇ ਰੁਜ਼ਗਾਰ ਦੋਵਾਂ ਦਾ ਹੀ ਮਿਆਰ ਕਾਫੀ ਡਿੱਗਿਆ ਹੈ। ਬੇਸ਼ਕ ਕੈਨੇਡਾ ਦਾ ਖੇਤਰਫਲ ਜਿਆਦਾ ਹੈ ਪਰ ਹੁਣ ਉੱਥੇ ਸਹੀ ਮੌਕਿਆਂ ਦੀ ਕਾਫੀ ਘਾਟ ਹੈ। ਮਾਣ-ਬਾਪ ਨੂੰ ਸਿਰਫ਼ ਕੈਨੇਡਾ ਦੇ ਨਾਂ ਤੇ ਹੀ ਬੱਚਿਆ ਨੂੰ ਬਾਹਰ ਨਹੀਂ ਭੇਜਨਾ ਚਾਹੀਦਾ। ਆਪਣੇ ਦੇਸ਼ ਵਿੱਚ ਵੀ ਬੇਮਿਸਾਲ ਮੌਕੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਨਾਲ ਘੋਖ ਕਰਨ ਤੋਂ ਬਾਅਦ ਹੀ ਮਾਪੇ ਕੋਈ ਫੈਸਲਾ ਲੈਣ।

ਕੈਨੇਡਾ ਵਿੱਚ ਭਾਰਤੀਆਂ ਦੀ ਗਿਣਤੀ

2021 ਦੀ ਜਨਗਣਨਾ ਦੇ ਅਨੁਸਾਰ, ਕੈਨੇਡਾ ਵਿੱਚ ਭਾਰਤੀ ਮੂਲ ਦੇ 18 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਚੋਂ ਤਕਰੀਬਨ 10 ਲੱਖ ਭਾਰਤੀਆਂ ਨੂੰ ਪੀਆਰ ਮਿਲੀ ਹੋਈ ਹੈ। ਇਨ੍ਹਾਂ ਤੋਂ ਇਲਾਵਾ, 2 ਲੱਖ 30 ਹਜ਼ਾਰ ਵਿਦਿਆਰਥੀ ਵੀ ਉੱਥੇ ਪੜ੍ਹਦੇ ਹਨ। ਜੇਕਰ ਦੋਵਾਂ ਮੁਲਕਾਂ ਵਿਚਾਲੇ ਛੇਤੀ ਹੀ ਹਾਲਾਤ ਨਹੀਂ ਸੁਧਰੇ ਤਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਵਿਦਿਆਰਥੀਆਂ ਨੂੰ ਆਪਣੇ ਲਈ ਰਾਹ ਲੱਭਣਾ ਮੁਸ਼ੱਕਲ ਹੋ ਜਾਵੇਗਾ। ਇਸ ਵੇਲ੍ਹੇ ਇਹ ਉਨ੍ਹਾਂ ਲਈ ਸਭ ਤੋਂ ਵੱਡਾ ਸਵਾਲ ਹੈ।

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਇਸ ਸਮੇਂ ਤਣਾਅ ਆਪਣੇ ਸਿਖਰ ‘ਤੇ ਹੈ। ਕਰੀਬ 2 ਹਫ਼ਤੇ ਪਹਿਲਾਂ ਭਾਰਤ ਨੇ ਆਪਣੇ 6-6 ਡਿਪਲੋਮੈਟਸ ਨੂੰ ਕੈਨੇਡਾ ਤੋਂ ਵਾਪਸ ਬੁਲਾ ਲਿਆ ਤੇ ਨਾਲ ਹੀ ਕੈਨੇਡਾ ਦੇ ਡਿਪਲੋਮੈਟਸ ਨੂੰ ਵੀ ਦੇਸ਼ ਛੱਡਣ ਲਈ ਕਿਹਾ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਬਿਆਨਬਾਜ਼ੀ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਪਾਸੇ ਕੈਨੇਡਾ ਨੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਡਿਪਲੋਮੈਟਾਂ ਦੀ ਭੂਮਿਕਾ ਦੀ ਗੱਲ ਕੀਤੀ ਸੀ, ਉੱਥੇ ਹੀ ਦੂਜੇ ਪਾਸੇ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।

ਨਿੱਜਰ ਕਤਲ ਤੋਂ ਬਾਅਦ ਵਧਿਆ ਤਨਾਅ

ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਹਰਦੀਪ ਸਿੰਘ ਨਿੱਝਰ ਦਾ ਕਤਲ 18 ਜੂਨ 2023 ਨੂੰ ਗੋਲੀ ਮਾਰ ਕੇ ਕੀਤਾ ਗਈ ਸੀ। ਇਹ ਘਟਨਾ ਸਰੀ ਦੇ ਇੱਕ ਗੁਰਦੁਆਰੇ ਦੀ ਪਾਰਕਿੰਗ ਚ ਵਾਪਰੀ ਸੀ। ਹਰਦੀਪ ਨਿੱਝਰ ਕੈਨੇਡਾ ਦੇ ਵੈਨਕੂਵਰ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਵੀ ਸੀ, ਇਸ ਮਾਮਲੇ ਵਿੱਚ ਕੈਨੇਡਾ ਦੀ ਜਾਂਚ ਟੀਮ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਦੀ ਪਛਾਣ ਭਾਰਤੀ ਨਾਗਰਿਕਾਂ ਵਜੋਂ ਹੋਈ ਸੀ। ਇਨ੍ਹਾਂ ਵਿੱਚ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਚ ਤਣਾਅ ਵੱਧ ਗਿਆ ਸੀ।