20-01- 2026
TV9 Punjabi
Author: Ramandeep Singh
ਭਾਰਤੀ ਪਕਵਾਨਾਂ 'ਚ ਵਰਤਿਆ ਜਾਣ ਵਾਲਾ ਹਰ ਮਸਾਲਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ, ਇਸ ਦੀ ਵਰਤੋਂ ਨਾ ਸਿਰਫ਼ ਖਾਣੇ 'ਚ ਕੀਤੀ ਜਾਂਦੀ ਹੈ, ਸਗੋਂ ਚੰਗੀ ਸਿਹਤ ਬਣਾਈ ਰੱਖਣ ਲਈ ਘਰੇਲੂ ਉਪਚਾਰਾਂ 'ਚ ਵੀ ਕੀਤੀ ਜਾਂਦੀ ਹੈ।
ਪੁਲਾਓ ਤੋਂ ਲੈ ਕੇ ਬਿਰਿਆਨੀ ਤੇ ਵੱਖ-ਵੱਖ ਗ੍ਰੇਵੀਜ਼ ਤੱਕ ਦੇ ਪਕਵਾਨਾਂ 'ਚ ਵਰਤੇ ਜਾਣ ਵਾਲੇ ਤੇਜ਼ ਪੱਤੇ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਵੈੱਬਐਮਡੀ ਦੇ ਅਨੁਸਾਰ, ਇਨ੍ਹਾਂ 'ਚ ਕੈਲਸ਼ੀਅਮ ਕੋਪਰ, ਵਿਟਾਮਿਨ ਏ, ਆਇਰਨ, ਵਿਟਾਮਿਨ ਸੀ, ਜ਼ਿੰਕ ਤੇ ਰਿਬੋਫਲੇਵਿਨ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।
ਤੇਜ਼ ਪੱਤੇ ਭੋਜਨ ਨੂੰ ਸੁਆਦਲਾ ਬਣਾਉਣ ਲਈ ਵਰਤੇ ਜਾਂਦੇ ਹਨ, ਪਰ ਇਹ ਸਕਿਨ ਨੂੰ ਚਮਕਦਾਰ ਬਣਾਉਣ ਤੋਂ ਲੈ ਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਤੱਕ ਕਈ ਹੋਰ ਉਦੇਸ਼ਾਂ ਦੀ ਪੂਰਤੀ ਕਰਦੇ ਹਨ।
ਅਦਾਕਾਰਾ ਭਾਗਿਆਸ਼੍ਰੀ ਨੇ ਵੀ ਤੇਜ ਪੱਤਿਆਂ ਦੇ ਫਾਇਦਿਆਂ ਨੂੰ ਸਾਂਝਾ ਕੀਤਾ ਸੀ। ਉਹ ਕਹਿੰਦੇ ਹਨ ਕਿ ਤੇਜ ਪੱਤੇ ਸਾੜਨ 'ਤੇ ਇਸ ਦਾ ਧੂੰਆਂ ਪੂਰੇ ਘਰ 'ਚ ਫੈਲਾਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ, ਕਿਉਂਕਿ ਤੇਜ ਪੱਤੇ ਸਾੜਨ ਨਾਲ ਇੱਕ ਰਸਾਇਣ ਨਿਕਲਦਾ ਹੈ, ਜੋ ਮੂਡ ਨੂੰ ਬਿਹਤਰ ਬਣਾਉਣ 'ਚ ਲਾਭਦਾਇਕ ਹੁੰਦਾ ਹੈ।
ਤੇਜ ਪੱਤੇ ਦਾ ਪਾਣੀ ਸਵੇਰੇ ਖਾਲੀ ਪੇਟ ਪੀਤਾ ਜਾ ਸਕਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਸਰੀਰ ਨੂੰ ਡੀਟੌਕਸੀਫਾਈ ਕਰਨ 'ਚ ਵੀ ਮਦਦ ਕਰਦਾ ਹੈ।
ਤੁਸੀਂ ਤੇਜ ਪੱਤਿਆਂ ਨੂੰ ਪਾਣੀ 'ਚ ਉਬਾਲ ਸਕਦੇ ਹੋ ਤੇ ਪਾਣੀ ਨੂੰ ਟੋਨਰ ਵਜੋਂ ਵਰਤ ਸਕਦੇ ਹੋ ਜਾਂ ਤੁਸੀਂ ਭਾਫ਼ ਨੂੰ ਸਾਹ ਰਾਹੀਂ ਅੰਦਰ ਲੈ ਸਕਦੇ ਹੋ, ਜੋ ਦਾਗ-ਧੱਬਿਆਂ ਤੇ ਮੁਹਾਸੇ ਘਟਾਉਣ 'ਚ ਮਦਦ ਕਰਦਾ ਹੈ।
ਮੱਛਰਾਂ ਨੂੰ ਭਜਾਉਣ ਲਈ ਵੀ ਤੇਜ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ, ਇੱਕ ਕਟੋਰੀ 'ਚ ਚਾਰ ਤੋਂ ਪੰਜ ਤੇਜ ਪੱਤੇ ਲਓ, ਇਸ 'ਚ 2-3 ਬੂੰਦਾਂ ਸਰ੍ਹੋਂ ਦੇ ਤੇਲ ਦੀਆਂ, ਥੋੜ੍ਹਾ ਜਿਹਾ ਕਪੂਰ ਤੇ ਲੌਂਗ ਪਾਓ। ਇਸ ਨੂੰ ਜਗਾਓ, ਫਿਰ ਬੁਝਾ ਦਿਓ ਤੇ ਘਰ 'ਚ ਧੂੰਆਂ ਕਰ ਦਿਓ।