ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਤੇ ਬਾਬਾ ਰਾਮਦੇਵ ਨੇ ਮੰਗੀ ਮੁਆਫੀ, SC ਨੇ ਕਿਹਾ- ਇਹ ਮਨਜ਼ੂਰ ਨਹੀਂ | Patanjali ayurved misleading advertisement case supreme court not accepted apology of Ramdev acharya balkrishan detail in punjabi Punjabi news - TV9 Punjabi

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਤੇ ਬਾਬਾ ਰਾਮਦੇਵ ਨੇ ਮੰਗੀ ਮੁਆਫੀ, SC ਨੇ ਕਿਹਾ- ਇਹ ਮਨਜ਼ੂਰ ਨਹੀਂ

Updated On: 

02 Apr 2024 12:50 PM

ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ (ਐੱਮਡੀ) ਆਚਾਰੀਆ ਬਾਲਕ੍ਰਿਸ਼ਨ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ 'ਚ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਪੇਸ਼ ਹੋਏ। ਇਹ ਮਾਮਲਾ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਦੀ ਬੈਂਚ ਸਾਹਮਣੇ ਸੁਣਵਾਈ ਲਈ ਆਇਆ।

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਤੇ ਬਾਬਾ ਰਾਮਦੇਵ ਨੇ ਮੰਗੀ ਮੁਆਫੀ, SC ਨੇ ਕਿਹਾ- ਇਹ ਮਨਜ਼ੂਰ ਨਹੀਂ

ਯੋਗ ਗੁਰੂ ਰਾਮਦੇਵ ਦੀ ਪੁਰਾਣੀ ਤਸਵੀਰ

Follow Us On

ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਪ੍ਰਬੰਧਕ ਨਿਰਦੇਸ਼ਕ ਆਚਾਰਿਆ ਬਾਲਕ੍ਰਿਸ਼ਨ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਬਾਬਾ ਰਾਮਦੇਵ ਵੱਲੋਂ ਪੇਸ਼ ਹੋਏ ਵਕੀਲ ਬਲਬੀਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗਦੇ ਹਾਂ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ ਸੁਪਰੀਮ ਕੋਰਟ ਹੀ ਨਹੀਂ, ਦੇਸ਼ ਦੀ ਕਿਸੇ ਵੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਅਦਾਲਤ ਨੇ ਪਤੰਜਲੀ ਦੀ ਮੁਆਫੀ ਨੂੰ ਸਵੀਕਾਰ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਕੀਤਾ ਹੈ। ਅਸੀਂ ਮਾਣਹਾਨੀ ਦੀ ਕਾਰਵਾਈ ਕਰਾਂਗੇ। ਇਸ ਮਾਮਲੇ ਦੀ ਮੁੜ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ। ਬਾਬਾ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨ ਨੂੰ ਅਦਾਲਤ ‘ਚ ਪੇਸ਼ ਹੋਣਾ ਹੋਵੇਗਾ।

ਇਹ ਸੁਣਵਾਈ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਦੇ ਸਾਹਮਣੇ ਹੋਈ। ਅਦਾਲਤ ਨੇ 19 ਮਾਰਚ ਨੂੰ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਪਤੰਜਲੀ ਆਯੁਰਵੇਦ ਉਤਪਾਦਾਂ ਦੇ ਇਸ਼ਤਿਹਾਰਾਂ ਅਤੇ ਉਨ੍ਹਾਂ ਦੇ ਚਿਕਿਤਸਕ ਪ੍ਰਭਾਵਾਂ ਨਾਲ ਸਬੰਧਤ ਮਾਣਹਾਨੀ ਦੀ ਕਾਰਵਾਈ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਸੀ। ਬੈਂਚ ਨੇ ਕੰਪਨੀ ਅਤੇ ਬਾਲਕ੍ਰਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਅਦਾਲਤੀ ਨੋਟਿਸ ਦਾ ਜਵਾਬ ਦਾਖ਼ਲ ਨਾ ਕਰਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।

ਜਸਟਿਸ ਹਿਮਾ ਕੋਹਲੀ ਨੇ ਕਿਹਾ, ਪਹਿਲਾਂ ਜੋ ਹੋਇਆ ਉਸ ਬਾਰੇ ਤੁਸੀਂ ਕੀ ਕਹੋਗੇ? ਬਾਬਾ ਰਾਮਦੇਵ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗਦੇ ਹਾਂ। ਇਸ ‘ਤੇ ਅਦਾਲਤ ਨੇ ਕਿਹਾ ਕਿ ਤੁਸੀਂ ਗੰਭੀਰ ਮੁੱਦਿਆਂ ਦਾ ਮਜ਼ਾਕ ਬਣਾ ਰੱਖਿਆ ਹੈ। ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਕੀ ਨਤੀਜੇ ਨਿਕਲਦੇ ਹਨ।

ਸੁਣਵਾਈ ਦੌਰਾਨ ਅਦਾਲਤ ਨੇ ਕੀ-ਕੀ ਕਿਹਾ?

ਸੁਪਰੀਮ ਕੋਰਟ ਨੇ ਰਾਮਦੇਵ ਦੇ ਵਕੀਲ ਨੂੰ ਕਿਹਾ ਕਿ ਤੁਹਾਡੇ ਕੋਲ ਇੱਥੇ ਬਹਿਸ ਕਰਨ ਦਾ ਕੋਈ ਟਿਕਾਣਾ ਨਹੀਂ ਹੈ। ਅਸੀਂ ਇਸ ਵਿੱਚ ਛੋਟ ਦੇ ਰੱਖੀ ਹੈ, ਨਹੀਂ ਤਾਂ ਇਹ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਹੈ। ਜਸਟਿਸ ਹਿਮਾ ਕੋਹਲੀ ਨੇ ਕਿਹਾ ਜੋ ਵੀ ਪਹਿਲਾਂ ਹੋਇਆ। ਤੁਸੀਂ ਇਸ ਤੇ ਕੀ ਕਹੋਗੇ?

ਵਕੀਲ ਨੇ ਦੱਸਿਆ ਕਿ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਅਦਾਲਤ ਵਿੱਚ ਮੌਜੂਦ ਹਨ। ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਹਲਫਨਾਮਾ ਦਾਇਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਅਸੀਂ ਪਹਿਲਾਂ ਕੰਪਨੀ ਅਤੇ ਐਮਡੀ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ। ਜਵਾਬ ਦਾਇਰ ਨਾ ਕੀਤੇ ਜਾਣ ‘ਤੇ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ।

ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਫਿਰ ਇਸ ਦੀ ਉਲੰਘਣਾ ਕੀਤੀ ਗਈ। ਇਹ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਅਪਮਾਨ ਹੈ ਅਤੇ ਹੁਣ ਤੁਸੀਂ ਮੁਆਫੀ ਮੰਗ ਰਹੇ ਹੋ। ਇਹ ਸਾਨੂੰ ਮਨਜ਼ੂਰ ਨਹੀਂ ਹੈ। ਜਸਟਿਸ ਹਿਮਾ ਕੋਹਲੀ ਨੇ ਕਿਹਾ ਕਿ ਤੁਸੀਂ ਇੱਥੇ ਭਰੋਸਾ ਦਿੰਦੇ ਹੋ ਅਤੇ ਫਿਰ ਪ੍ਰੈਸ ਕਾਨਫਰੰਸ ਕਰਦੇ ਹੋ। ਹੁਣ ਮੁਆਫੀ ਮੰਗ ਰਹੇ ਹੋ। ਇਹ ਕਿਵੇਂ ਮੰਨੀਏ, ਤੁਸੀਂ ਕਿਵੇਂ ਉਲੰਘਣਾ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਮੀਡੀਆ ਵਿਭਾਗ ਤੁਹਾਡੇ ਤੋਂ ਵੱਖ ਨਹੀਂ ਹੈ, ਤੁਸੀਂ ਅਜਿਹਾ ਕਿਉਂ ਕੀਤਾ। ਤੁਹਾਨੂੰ ਨਵੰਬਰ ਵਿੱਚ ਚੇਤਾਵਨੀ ਦਿੱਤੀ ਗਈ ਸੀ, ਫਿਰ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ।

ਇਹ ਵੀ ਪੜ੍ਹੋ – VVPAT ਪਰਚੀਆਂ ਦੀ ਗਿਣਤੀ ਕਰਨ ਦੀ ਮੰਗ, SC ਨੇ ਚੋਣ ਕਮਿਸ਼ਨ ਅਤੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਾਬਾ ਰਾਮਦੇਵ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਸੀਂ ਮਾਣਹਾਨੀ ਦੀ ਕਾਰਵਾਈ ਕਰਾਂਗੇ। ਰਾਮਦੇਵ ਦੇ ਵਕੀਲ ਨੇ ਕਿਹਾ ਕਿ ਅਸੀਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਅਦਾਲਤ ਨੇ ਕਿਹਾ ਕਿ ਤੁਸੀਂ ਕਾਰਨ ਦੱਸੋ ਕਿ ਉਲੰਘਣਾ ਕਿਵੇਂ ਹੋਈ। ਅਦਾਲਤ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਅਸੀਂ ਤੁਹਾਡੀ ਮੁਆਫੀ ਨੂੰ ਸਵੀਕਾਰ ਨਹੀਂ ਕਰਦੇ।

Exit mobile version