29 March 2024
TV9 Punjabi
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਲੀਡਰਾਂ ਦੇ ਡੇਰਿਆਂ ਦੇ ਦੌਰੇ ਸ਼ੁਰੂ ਹੋ ਗਏ ਹਨ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਤੋਂ ਹੋਈ ਹੈ। ਸੂਬੇ ਦੇ ਵੱਡੇ ਆਗੂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਇੱਥੇ ਪਹੁੰਚ ਰਹੇ ਹਨ।
ਪਿਛਲੇ ਇੱਕ ਹਫ਼ਤੇ ਤੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਪਟਿਆਲਾ ਤੋਂ ਭਾਜਪਾ ਦੀ ਸੰਭਾਵੀ ਉਮੀਦਵਾਰ ਪ੍ਰਨੀਤ ਕੌਰ ਇੱਥੇ ਮੁਲਾਕਾਤ ਕਰਨ ਲਈ ਆਏ ਹਨ।
ਪੰਜਾਬ ਵਿੱਚ ਸਰਗਰਮ ਡੇਰਿਆਂ ਬਾਰੇ ਕੋਈ ਸਰਕਾਰੀ ਅੰਕੜਾ ਨਹੀਂ ਹੈ, ਪਰ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 9 ਹਜ਼ਾਰ ਸਿੱਖ ਅਤੇ 12 ਹਜ਼ਾਰ ਗ਼ੈਰ-ਸਿੱਖ ਡੇਰੇ ਹਨ। ਇਨ੍ਹਾਂ ਵਿਚੋਂ 300 ਦੇ ਕਰੀਬ ਡੇਰਾ ਮੁਖੀ ਅਜਿਹੇ ਹਨ, ਜਿਨ੍ਹਾਂ ਦਾ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਹਿਮਾਚਲ ‘ਚ ਵੀ ਪ੍ਰਭਾਵ ਹੈ।
ਇਨ੍ਹਾਂ ਵਿੱਚੋਂ 12 ਡੇਰੇ ਅਜਿਹੇ ਹਨ ਜਿਨ੍ਹਾਂ ਦੇ ਇੱਕ ਲੱਖ ਤੋਂ ਵੱਧ ਫਾਲੋਅਰਜ਼ ਹਨ। ਡੇਰਾ ਬਿਆਸ ਇਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪੰਜਾਬ ‘ਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ‘ਤੇ ਡੇਰੇ ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।
ਪੰਜਾਬ ਵਿੱਚ ਸੈਂਕੜੇ ਵੱਡੇ ਅਤੇ ਛੋਟੇ ਡੇਰੇ ਹਨ। ਇਨ੍ਹਾਂ ਵਿੱਚੋਂ ਸਿੱਖ ਅਤੇ ਗੈਰ-ਸਿੱਖ ਡੇਰੇ ਵੱਖਰੇ ਹਨ। ਦਮਦਮੀ ਟਕਸਾਲ, ਡੇਰਾ ਨਾਨਕਸਰ, ਸੰਤ ਅਜੀਤ ਸਿੰਘ ਹੰਸਾਲੀ ਸਾਹਿਬ, ਸੰਤ ਦਇਆ ਸਿੰਘ ਸੁਰਸਿੰਘ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਅਤੇ ਡੇਰਾ ਬਾਬਾ ਰੂਮੀ ਵਾਲਾ (ਭੁੱਚੋ ਕਲਾਂ) ਪੰਜਾਬ ਦੇ ਪ੍ਰਮੁੱਖ ਸਿੱਖ ਡੇਰੇ ਹਨ।
ਜਦੋਂ ਕਿ ਰਾਧਾ ਸੁਆਮੀ ਸਤਿਸੰਗ ਬਿਆਸ (ਡੇਰਾ ਬਿਆਸ), ਡੇਰਾ ਸੱਚ ਸੌਦਾ, ਨੂਰਮਹਿਲ ਡੇਰਾ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸੰਤ ਨਿਰੰਕਾਰੀ ਮਿਸ਼ਨ, ਡੇਰਾ ਬਾਬਾ ਭੂਮਣ ਸ਼ਾਹ (ਸੰਘਰ ਸਾਧਾ) ਅਤੇ ਰਵਿਦਾਸੀ (ਡੇਰਾ ਸੱਚਖੰਡ ਸਮੇਤ) ਪ੍ਰਮੁੱਖ ਗੈਰ- ਪੰਜਾਬ ਦੇ ਸਿੱਖ ਡੇਰੇ ਹਨ।