10 June 2024
TV9 Punjabi
Author: Isha Sharma
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਮਾਮਲੇ 'ਚ ਅਜੇ ਵੀ ਕਈ ਖੁਲਾਸੇ ਹੋ ਰਹੇ ਹਨ। ਇਸੇ ਦੌਰਾਨ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਦੀ ਇੱਕ ਆਡੀਓ ਵਾਇਰਲ ਹੋਈ ਹੈ।
ਇਹ ਆਡੀਓ ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਕਰਨ ਬਰਾੜ ਦੀ ਗੋਲਡੀ ਬਰਾੜ ਨਾਲ ਨੇੜਤਾ ਤੋਂ ਬਾਅਦ ਸਾਹਮਣੇ ਆਈ ਹੈ।
ਆਡੀਓ ਵਿੱਚ ਵਿਅਕਤੀ ਆਪਣਾ ਨਾਮ ਗੋਲਡੀ ਬਰਾੜ ਦੱਸ ਰਿਹਾ ਹੈ। ਦੱਸ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਕੀਤਾ ਗਿਆ? ਹਾਲਾਂਕਿ, ਇਸ ਆਡੀਓ ਦੀ Tv9 ਪੁਸ਼ਟੀ ਨਹੀਂ ਕਰਦਾ ਹੈ।
ਗੋਲਡੀ ਨੇ ਵਾਇਰਲ ਆਡੀਓ ਵਿੱਚ ਕਿਹਾ - ਸਿੱਧੂ ਮੂਸੇਵਾਲਾ 5 ਜੂਨ 2022 ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ 'ਤੇ ਇੱਕ ਸ਼ੋਅ ਕਰਨ ਜਾ ਰਿਹਾ ਸੀ। ਇਸ ਲਈ ਉਸਨੂੰ 29 ਮਈ 2022 ਨੂੰ ਮਰਵਾ ਦਿੱਤਾ ਗਿਆ।
ਆਡੀਓ ਵਿੱਚ ਮੂਸੇਵਾਲਾ ਨੂੰ ਸਿੱਖ ਵਿਰੋਧੀ ਅਤੇ ਉਸ ਦੇ ਪਰਿਵਾਰ ਨੂੰ ਕਾਂਗਰਸ ਦਾ ਏਜੰਟ ਦੱਸਿਆ ਗਿਆ ਹੈ। ਲਾਰੈਂਸ ਗੈਂਗ ਨੇ ਸਭ ਤੋਂ ਪਹਿਲਾਂ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ 'ਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ।
ਵਾਇਰਲ ਆਡੀਓ 'ਚ ਗੋਲਡੀ ਨੇ ਕਿਹਾ- ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕ ਸਿੱਧੂ ਦੇ ਪਰਿਵਾਰ ਦਾ ਕਾਫੀ ਸਮਰਥਨ ਕਰ ਰਹੇ ਹਨ। ਸਿੱਧੂ ਨੂੰ ਸ਼ਹੀਦ ਕਹਿ ਕੇ ਸਿੱਖ ਸ਼ਹੀਦਾਂ ਦਾ ਅਪਮਾਨ ਨਾ ਕਰੋ। ਅਸੀਂ ਵੀ ਆਮ ਲੋਕ ਹਾਂ, ਆਮ ਲੋਕਾਂ ਵਾਂਗ ਜ਼ਿੰਗਦੀ ਜੀ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ- ਆਮ ਲੋਕਾਂ ਦੀ ਤਰ੍ਹਾਂ ਮੈਂ ਵੀ ਆਮ ਲੋਕਾਂ ਵਿਚ ਇਕ ਆਮ ਨੌਜਵਾਨ ਹੁੰਦਾ ਸੀ। ਮੈਂ ਵੀ ਸਖ਼ਤ ਮਿਹਨਤ ਕੀਤੀ ਅਤੇ 40-40 ਘੰਟੇ ਟਰੱਕ ਚਲਾਇਆ। ਕਿਸੇ ਦਾ ਹੱਕ ਨਹੀਂ ਮਾਰਿਆ।
ਵਾਇਰਲ ਆਡੀਓ ਵਿੱਚ ਗੋਲਡੀ ਨੇ ਅੱਗੇ ਕਿਹਾ- ਮੇਰੇ ਭਰਾ ਗੁਰਲਾਲ ਬਰਾੜ ਦਾ 12 ਅਕਤੂਬਰ 2020 ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਸਿੱਧੂ ਦਾ ਹੱਥ ਸੀ। ਉਦੋਂ ਤੋਂ ਅਸੀਂ ਅਪਰਾਧ ਦਾ ਰਾਹ ਚੁਣਿਆ।
ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡੀਅਨ ਏਜੰਸੀਆਂ ਦਾ ਦਾਅਵਾ ਹੈ ਕਿ ਇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸ਼ਾਮਲ ਹਨ।
ਹੁਣ ਤੱਕ ਹੋਈਆਂ 4 ਗ੍ਰਿਫਤਾਰੀਆਂ ਵਿੱਚ ਇੱਕ ਕਰਨ ਬਰਾੜ ਵੀ ਸ਼ਾਮਲ ਹੈ, ਜੋ ਗੋਲਡੀ ਬਰਾੜ ਦਾ ਬਹੁਤ ਕਰੀਬੀ ਹੈ। ਗੋਲਡੀ ਬਰਾੜ ਕੈਨੇਡਾ ਆਇਆ ਤਾਂ ਉਸਦੇ ਪਿਤਾ ਨੇ ਕਰਨ ਨੂੰ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਸੀ।