23 Feb 2024
TV9 Punjabi
ਅੱਜ ਦਾ ਦਿਨ ਕਿਸਾਨਾਂ ਦੇ ਦਿੱਲੀ ਮਾਰਚ ਦੇ ਐਲਾਨ ਨੂੰ ਲੈਕੇ ਕਾਫ਼ੀ ਅਹਿਮ ਹੋਣ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨ ਦੇਸ਼ ਭਰ ਵਿੱਚ ਕਾਲਾ ਦਿਹਾੜਾ ਮਨਾ ਰਹੇ ਹਨ ਤਾਂ ਉੱਥੇ ਹੀ ਸੰਭੂ ਬਾਰਡਰ ਤੇ ਕਿਸਾਨ ਜੱਥੇਬੰਦੀਆਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ।
ਇਸ ਮੀਟਿੰਗ ਤੋਂ ਬਾਅਦ ਕਿਸਾਨ ਅੰਦੋਲਨ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇ। ਹਾਲਾਂਕਿ ਕਿਸਾਨਾਂ ਦੇ ਫੈਸਲੇ ਤੋਂ ਬਾਅਦ ਅਜੇ ਦਿੱਲੀ ਮਾਰਚ 'ਤੇ ਰੋਕ ਹੈ।
23 ਫਰਵਰੀ ਨੂੰ ਕਿਸਾਨ ਅੰਦੋਲਨ (ਦਿੱਲੀ ਕੂਚ) ਦਾ 11ਵਾਂ ਦਿਨ ਹੈ। ਜਿਸ ਕਾਰਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਕਾਲਾ ਦਿਹਾੜਾ ਮਨਾਉਣਗੀਆਂ। ਤੁਹਾਨੂੰ ਦਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਹੋਈ ਕਿਸਾਨਾਂ ਦੀ ਬੈਠਕ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਸੀ।
ਇਸ ਤੋਂ ਪਹਿਲਾ 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਰੋਕ ਦਿੱਤਾ ਸੀ।
ਵੀਰਵਾਰ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਤਸਵੀਰ ਜਾਰੀ ਕਰਦਿਆਂ ਕਿਹਾ – “ਖਨੌਰੀ ਸਰਹੱਦ ‘ਤੇ ਸਿੱਧੀ ਗੋਲੀਬਾਰੀ ਕੀਤੀ ਗਈ ਹੈ।” ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ।
ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਖਨੌਰੀ ਸਰਹੱਦ ਤੇ ਮਾਰੇ ਗਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।