5 April 2024
TV9 Punjabi
Author: Ramandeep Singh
ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਤਿਹਾੜ ਜਾਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ ਤਿਹਾੜ ਜੇਲ੍ਹ ਨੂੰ ਪੱਤਰ ਲਿਖ ਕੇ ਮਿਲਣ ਦੀ ਇਜਾਜ਼ਤ ਮੰਗੀ ਸੀ।
ਦੱਸ ਦੇਈਏ ਕਿ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਲਾਕਾਤ ਦੀ ਇਜਾਜ਼ਤ ਦਿੰਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਸੀਐਮ ਆਮ ਮੁਲਾਕਾਤੀ ਵਾਂਗ ਅਰਵਿੰਦ ਕੇਜਰੀਵਾਲ ਨੂੰ ਮਿਲ ਸਕਦੇ ਹਨ। ਦੱਸ ਦਈਏ ਕਿ ਜਿਸ ਨਿਯਮ ਤਹਿਤ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ, ਉਸ ਨੂੰ ‘ਜੰਗਲਾ ਮੁਲਾਕਾਤ’ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਲੋਹੇ ਦਾ ਜਾਲ ਹੈ ਜੋ ਜੇਲ੍ਹ ਦੇ ਅੰਦਰ ਇੱਕ ਕਮਰੇ ਵਿੱਚ ਕੈਦੀ ਨੂੰ ਮੁਲਾਕਾਤੀ ਤੋਂ ਵੱਖ ਰੱਖਦਾ ਹੈ। ਇਸ ਮੁਲਾਕਾਤ ਦੌਰਾਨ ਇੱਕ ਮੁਲਾਕਾਤੀ ਤੇ ਇੱਕ ਕੈਦੀ ਜਾਲ ਦੇ ਵੱਖ-ਵੱਖ ਪਾਸਿਆਂ ‘ਤੇ ਬੈਠ ਸਕਦੇ ਹਨ ਅਤੇ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਕਰ ਸਰਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਆਂਇਕ ਹਿਰਾਸਤ ਲਈ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ‘ਚ ਉਨ੍ਹਾਂ ਵੱਲੋਂ ਮਿਲਣ ਵਾਲੇ 5 ਵਿਅਕਤੀਆਂ ਦੇ ਨਾਂਅ ਵੀ ਸਾਂਝੇ ਕੀਤੇ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ, ਦੋ ਬੱਚੇ, ਉਨ੍ਹਾਂ ਦਾ ਨਿੱਜੀ ਸਕੱਤਰ ਰਿਸ਼ਵ ਕੁਮਾਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂਅ ਮੁਲਾਕਾਤੀਆਂ ਨਾਲ ਜੋੜਿਆ ਜਾਵੇਗਾ।