12-09- 2024
TV9 Punjabi
Author: Ramandeep Singh
ਕੋਲਕਾਤਾ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਹੋਈ ਬੇਹਰਿਮੀ ਤੋਂ ਬਾਅਦ ਲਗਾਤਾਰ ਡਾਕਟਰ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ। ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਵਾਪਿਸ ਆਉਣ ਲਈ ਕਿਹਾ ਸੀ ਪਰ ਡਾਕਟਰਾਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।
ਸੰਕੇਤਕ ਤਸਵੀਰਾਂ
ਪੰਜਾਬ ਵਿੱਚ ਅੱਜ ਤੋਂ ਡਾਕਟਰਾਂ ਦੀ ਹੜਤਾਲ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਅੱਜ ਤੋਂ ਪੰਜਾਬ ਭਰ ਵਿੱਚ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਇੰਨਾ ਹੀ ਨਹੀਂ, ਹੁਣ ਡਾਕਟਰ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਰਟੀਫਿਕੇਟ ਜਾਰੀ ਨਹੀਂ ਕਰ ਰਹੇ।
ਫਿਲਹਾਲ ਦੀ ਘੜੀ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ 11 ਸਤੰਬਰ ਨੂੰ ਪੰਜਾਬ ਸਰਕਾਰ ਨਾਲ ਹੋਈ ਹਾਂ-ਪੱਖੀ ਗੱਲਬਾਤ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
11 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਹੋਈ ਮੀਟਿੰਗ ਦੌਰਾਨ ਕੁਝ ਗੱਲਾਂ ‘ਤੇ ਸਹਿਮਤੀ ਬਣੀ ਸੀ। ਐਸੋਸੀਏਸ਼ਨ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖ਼ਾਹਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰਨ ਲਈ ਧਰਨਾ ਪ੍ਰਦਰਸਨ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ 3 ਪੜਾਵਾਂ ਵਿੱਚ ਬਦਲ ਦਿੱਤਾ। ਜਿਸ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਪਹਿਲਾ ਪੜਾਅ 9 ਤੋਂ 11 ਸਤੰਬਰ ਤੱਕ ਸੀ, ਜਿਸ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਦੂਜਾ ਪੜਾਅ 12 ਤੋਂ 15 ਸਤੰਬਰ ਤੱਕ ਚੱਲੇਗਾ। ਜਿਸ ਵਿੱਚ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤੀਜਾ ਪੜਾਅ 16 ਸਤੰਬਰ ਤੋਂ ਬਾਅਦ ਹੋਵੇਗਾ। ਇਸ ਵਿੱਚ ਡਾਕਟਰ OPD ਦੇ ਨਾਲ-ਨਾਲ ਮੈਡੀਕਲ ਲੀਗਲ ਕਰਨ ਤੋਂ ਮਨ੍ਹਾ ਕਰ ਦੇਣਗੇ।