30 May 2024
TV9 Punjabi
Author: Ramandeep Singh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਰੈਲੀ ਕੀਤੀ। ਇਸ ਮੌਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ I.N.D.I.A. ਗਠਜੋੜ ਵਾਲੇ ਸੰਵਿਧਾਨ ਦੀ ਰਟ ਲਗਾ ਰਹੇ ਹਨ ਪਰ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਸੰਵਿਧਾਨ ਦਾ ਗਲਾ ਘੋਟ ਦਿੱਤਾ ਸੀ।
ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਲਿਤਾਂ ਦੇ ਰਾਖਵੇਂਕਰਨ ਤੇ ਵਿਰੋਧੀ ਪਾਰਟੀਆਂ ਦੀ ਬਹੁਤ ਖ਼ਤਰਨਾਕ ਨਜ਼ਰ ਹੈ। ਵਿਰੋਧੀ ਪਾਰਟੀਆਂ ਨੇ ਧਰਮ ਦੇ ਅਧਾਰ ਤੇ ਰਾਖਵੇਕਰਨ ਦੀ ਗੱਲ ਕਰਕੇ ਬਾਬਾ ਸਾਹਿਬ ਦੀ ਵਿਚਾਰਧਾਰਾਂ ਨੂੰ ਅਪਮਾਨਿਤ ਕਰ ਰਹੀਆਂ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ ਨਰੇਂਦਰ ਮੋਦੀ ਨੇ ਵਿਰੋਧੀ ਪਾਰਟੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੋਦੀ ਨੂੰ ਸਮਝਣ ਵਿੱਚ ਗਲਤੀ ਨਾ ਕਰੋ। ਅਜੇ ਮੋਦੀ ਚੁੱਪ ਹੈ ਜਿਸ ਦਿਨ ਮੋਦੀ ਬੋਲਿਆ ਤਾਂ 7 ਪੀੜ੍ਹੀਆਂ ਦੇ ਪਰਦੇ ਫਰੋਲ ਕੇ ਰੱਖ ਦੇਵੇਗਾ। ਉਹਨਾਂ ਨੇ ਕਿਹਾ ਕਿ ਮੋਦੀ ਸਭ ਕੁੱਝ ਸ਼ਹਿ ਸਕਦਾ ਹੈ ਪਰ ਫੌਜ ਦਾ ਅਪਮਾਨ ਨਹੀਂ ਕਦੇ ਨਹੀਂ ਸ਼ਹਿ ਸਕਦਾ।
ਪ੍ਰਧਾਨਮੰਤਰੀ ਮੋਦੀ ਨੇ ਕਿਹਾ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਨਾਮ ਤੇ ਪੰਜਾਬ ਨੂੰ ਬਦਨਾਮ ਕੀਤਾ। ਇਹਨਾਂ ਨੇ ਪੰਜਾਬ ਨੂੰ ਗੈਂਗਵਾਰ ਵਿੱਚ ਪਾ ਦਿੱਤਾ ਹੈ। ਮੋਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਨੀਤੀ ਅਤੇ ਨੀਯਤ ਵਿੱਚ ਖੋਟ ਹੈ। ਇੰਡੀਆ ਗੱਠਜੋੜ ਵਾਲੇ ਸੂਰਮਿਆਂ ਦਾ ਅਪਮਾਨ ਕਰਦੇ ਹਨ। ਇਹਨਾਂ ਨੇ ਸਰਜੀਕਲ ਸਟਰਾਇਕ ਤੇ ਫੌਜ ਤੋਂ ਸਬੂਤ ਮੰਗੇ ਸਨ।
ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਜੋ ਲੋਕ ਕਾਸ਼ੀ ਆਉਂਦੇ ਹਨ ਉਹ ਮੇਰੇ ਮਹਿਮਾਨ ਹਨ। ਮੈਂ ਮਹਿਮਾਨ ਨਿਵਾਜ਼ੀ ਵਿੱਚ ਕੋਈ ਕਮੀ ਨਹੀਂ ਰੱਖਦਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਭਗਤ ਰਵਿਦਾਸ ਜੀ ਦੇ ਮੰਦਰ ਨੇੜੇ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਦਿੱਲੀ ਦੇ ਤੁਗਲਕਾਬਾਦ ਵਿੱਚ ਭਗਤ ਰਵਿਦਾਸ ਜੀ ਦਾ ਮੰਦਰ ਬਣਾਉਣ ਲਈ ਵੀ ਸੁਪਰੀਮ ਕੋਰਟ ਤੋਂ ਵਿਸ਼ੇਸ ਮਨਜ਼ੂਰੀ ਲੈ ਲਈ ਗਈ ਹੈ।
ਹੁਸ਼ਿਆਰਪੁਰ ਦੀ ਰੈਲੀ ਵਿੱਚ ਮੋਦੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਜਿੱਤ ਦੀ ਹੈਟ੍ਰਿਕ ਲਗਾਉਣ ਜਾ ਰਹੀ ਹੈ। ਕਿਉਂਕਿ ਦੇਸ਼ ਦਾ ਹਰ ਨਾਗਰਿਕ ਵਿਕਸਤ ਭਾਰਤ ਦਾ ਸੁਪਨਾ ਦੇਖ ਰਿਹਾ ਹੈ। ਮੋਦੀ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ।