26-12- 2024
TV9 Punjabi
Author: Rohit
ਨਵੇਂ ਸਾਲ ਦੇ ਮੱਦੇਨਜ਼ਰ ਮੰਦਰਾਂ ਅਤੇ ਮਹੱਤਵਪੂਰਨ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਹਾਕੁੰਭ ਮੇਲਾ ਖੇਤਰ ਪ੍ਰਯਾਗਰਾਜ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਖੁਫੀਆ ਤੰਤਰ ਵੀ ਸਰਗਰਮ ਹੋ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ (ਕੁੰਭ) ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਗਲਤ ਇਰਾਦੇ ਨਾਲ ਇੱਥੇ ਦਾਖਲ ਨਾ ਹੋ ਸਕੇ, ਜ਼ਿਲ੍ਹੇ ਵਿੱਚ ਦਾਖਲ ਹੋਣ ਸਮੇਂ ਹਰੇਕ ਵਿਅਕਤੀ ਦੀ ਚੈਕਿੰਗ ਦੇ ਪ੍ਰਬੰਧ ਕੀਤੇ ਗਏ ਹਨ।
ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਖੁਫੀਆ ਦਸਤੇ ਤਾਇਨਾਤ ਕੀਤੇ ਗਏ ਹਨ। ਮਹਾਕੁੰਭ ਪ੍ਰਯਾਗਰਾਜ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਤਿੰਨ ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਦਿਵੇਦੀ ਨੇ ਕਿਹਾ ਹੈ ਕਿ ਮੰਦਰਾਂ ਅਤੇ ਮਹੱਤਵਪੂਰਨ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸਬੰਧੀ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਕਈ ਜਾਂਚ ਕੇਂਦਰ ਬਣਾਏ ਹਨ। ਤਾਂ ਜੋ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਵਿਸ਼ਵ ਦੇ ਸਭ ਤੋਂ ਵੱਡੇ ਸੱਭਿਆਚਾਰਕ ਸਮਾਗਮ ਵਿੱਚ ਏਆਈ ਕੈਮਰਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਮੋਰਚਿਆਂ 'ਤੇ ਡਰੋਨ, ਐਂਟੀ-ਡਰੋਨ ਅਤੇ 'ਟੇਥਰਡ' ਡਰੋਨ ਤਾਇਨਾਤ ਕੀਤੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ (ਕੁੰਭ) ਨੇ ਦੱਸਿਆ ਕਿ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਾਈਬਰ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 13 ਜਨਵਰੀ ਤੋਂ 26 ਫਰਵਰੀ ਤੱਕ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ।