10-01- 2025
TV9 Punjabi
Author: Rohit
ਸੂਬੇ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਸੰਘਣੀ ਧੁੰਦ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ। ਸੰਘਣੀ ਧੁੰਦ ਕਾਰਨ ਸੜਕਾਂ ’ਤੇ ਦੂਰ ਤੱਕ ਦਿਖਣ ਦੀ ਹੱਦ ਸੀਮਤ ਹੀ ਰਹੀ, ਜਿਸ ਕਾਰਨ ਰਾਹਗੀਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਦੇ ਕਾਰਨ ਅੱਜ ਕਈ ਥਾਵਾਂ ਤੇ ਹਾਦਸੇ ਵਾਪਰੇ ਹਨ।
ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਵਿਅਕਤੀ ਜ਼ਖਮੀ ਹੋ ਗਏ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ
ਓਧਰ ਡੱਬਵਾਲੀ ਬਠਿੰਡਾ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰ ਗਿਆ। ਜਿੱਥੇ ਪਿੰਡ ਰੁਲਦੂਵਾਲਾ ਦੇ ਨੇੜੇ ਟਰੱਕ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਗੱਡੀ ਸਵਾਰ ਚਾਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ।
ਜਲੰਧਰ ਵਿੱਚ ਹੋਏ ਹਾਦਸੇ ਵਿੱਚ ਲਗਭਗ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ ‘ਤੇ ਵਾਪਰੀ। ਟੱਕਰ ਤੋਂ ਬਾਅਦ, ਇਨ੍ਹਾਂ ਵਿੱਚੋਂ ਇੱਕ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਲਟਕ ਗਈ।
ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਧੁੰਦ ਕਾਰਨ ਰੋਡਵੇਜ਼ ਬੱਸ ਹੌਲੀ ਚੱਲ ਰਹੀ ਸੀ। ਇਸ ਦੌਰਾਨ, ਇੱਕ ਸਲੀਪਰ ਬੱਸ ਪਿੱਛੇ ਤੋਂ ਆਈ ਅਤੇ ਤੇਜ਼ ਰਫ਼ਤਾਰ ਨਾਲ ਰੋਡਵੇਜ਼ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਡਰਾਈਵਰ ਦਾ ਰੋਡਵੇਜ਼ ਬੱਸ ‘ਤੇ ਕਾਬੂ ਨਹੀਂ ਰਿਹਾ ਅਤੇ ਉਹ ਪੁਲ ਦੀ ਰੇਲਿੰਗ ਤੋੜ ਕੇ ਅੱਧ ਵਿਚਕਾਰ ਲਟਕ ਗਈ।
ਹਾਦਸੇ ਤੋਂ ਬਾਅਦ ਮੌਕੇ ‘ਤੇ ਜਾਂਚ ਲਈ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਸੰਘਣੀ ਧੁੰਦ ਕਾਰਨ ਬੱਸਾਂ ਇੱਕ ਦੂਜੇ ਨਾਲ ਟਕਰਾ ਗਈਆਂ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਨਿੱਜੀ ਬੱਸ ਨੇ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ (ਰਾਜਾਸਾਂਸੀ) ਵਿਖੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਤੇ ਅੰਤਰਰਾਸ਼ਟਰੀ ਉੜਾਣਾਂ ਪ੍ਰਭਾਵਿਤ ਹੋਈਆਂ ਹਨ ਇਥੋਂ ਸਵੇਰੇ ਤੜਕੇ ਤੋਂ ਦੁਪਹਿਰ ਤੱਕ ਦੇਸ਼ ਤੇ ਵਿਦੇਸ਼ਾਂ ਨੂੰ ਉੜਾਣ ਭਰਨ ਵਾਲੀਆਂ ਸਾਰੀਆਂ ਫਲਾਈਟਾਂ ਆਪਣੇ ਤੈਅ ਸਮੇਂ ਤੋਂ ਇੱਕ ਘੰਟੇ ਤੋਂ ਲੈ ਕੇ ਕਰੀਬ ਚਾਰ ਘੰਟੇ ਤੱਕ ਦੇਰੀ ਵਿੱਚ ਹਨ।