14-03- 2024
TV9 Punjabi
Author: Rohit
ਅੱਜ ਦੁਨੀਆ ਭਰ ਦੇ ਲੋਕ ਖੁਸ਼ੀ ਅਤੇ ਉਤਸ਼ਾਹ ਨਾਲ ਹੋਲੀ ਦਾ ਤਿਉਹਾਰ ਮਨਾ ਰਹੇ ਹਨ। ਰੰਗਾਂ ਦੀ ਖੁਸ਼ਬੂ ਪੂਰੇ ਭਾਰਤ ਵਿੱਚ ਹਰ ਥਾਂ ਫੈਲੀ ਹੋਈ ਹੈ।
ਭਾਰਤ ਵਿੱਚ ਹਰ ਸਾਲ ਹੋਲੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਅੱਜ ਸ਼ਹਿਰਾਂ ਤੋਂ ਪਿੰਡਾਂ ਤੱਕ ਗੀਤਾਂ ਅਤੇ ਢੋਲ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।
ਪੰਜਾਬ ਦੇ ਅੰਮ੍ਰਿਤਸਰ ਸਥਿਤ ਪ੍ਰਸਿੱਧ ਦੁਰਗਿਆਣਾ ਤੀਰਥ ਸਥਾਨ 'ਤੇ ਹੋਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ।
ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਿਆ, ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂਆਂ ਨੇ ਹੋਲੀ ਖੇਡੀ।
ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਹ ਦੁਰਗਿਆਣਾ ਮੰਦਿਰ ਵਿੱਚ ਹੋਲੀ ਦਾ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਹੋਲੀ ਵ੍ਰਿੰਦਾਵਨ ਵਿੱਚ ਖੇਡੀ ਜਾਂਦੀ ਹੈ ਅਤੇ ਦੂਜੀ ਹੋਲੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿੱਚ ਖੇਡੀ ਜਾਂਦੀ ਹੈ।
ਸ਼ਰਧਾਲੂਆਂ ਕਿਹਾ ਕਿ ਉਹ ਬਹੁਤ ਖੁਸ਼ੀ ਨਾਲ ਹੋਲੀ ਖੇਡ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪਿਆਰ ਅਤੇ ਚੰਗੇ ਰੰਗਾਂ ਨਾਲ ਹੋਲੀ ਖੇਡਣ ਅਤੇ ਇਸ ਤਿਉਹਾਰ ਨੂੰ ਬਿਨਾਂ ਕਿਸੇ ਲੜਾਈ ਜਾਂ ਝਗੜੇ ਦੇ ਮਨਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਪੰਡਿਤ ਮੇਘ ਸ਼ਿਆਮ ਨੇ ਕਿਹਾ ਕਿ ਅੱਜ ਹੋਲੀ ਦਾ ਤਿਉਹਾਰ ਹੈ, ਜਿਸ ਕਾਰਨ ਮੰਦਰ ਬਹੁਤ ਰੌਣਕ ਵਾਲਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ।