IND vs AUS: ਜਸਪ੍ਰੀਤ ਬੁਮਰਾਹ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ, ਆਸਟ੍ਰੇਲੀਆ 5ਵਾਂ ਦੇਸ਼ ਜਿੱਥੇ ਕੀਤਾ ਕਮਾਲ
Jasprit Bumrah 5 wicket: ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ 5 ਵਿਕਟਾਂ ਲੈ ਕੇ ਕਮਾਲ ਕਰ ਦਿੱਤਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿੱਚ 11ਵੀਂ ਵਾਰ 5 ਪਲੱਸ ਵਿਕਟਾਂ ਲੈਣ ਦਾ ਕਾਰਨਾਮਾ ਵੀ ਹਾਸਲ ਕੀਤਾ ਹੈ।
ਪਰਥ ਟੈਸਟ ‘ਚ ਜਿਹੋ ਜਿਹਾ ਹੋਣ ਦੀ ਉਮੀਦ ਸੀ, ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ‘ਤੇ ਠੀਕ ਉਹੀ ਹੋਇਆ। ਜਸਪ੍ਰੀਤ ਬੁਮਰਾਹ ਨੇ ਦੂਜੇ ਦਿਨ ਦੀ ਖੇਡ ‘ਚ ਪਹਿਲੀ ਹੀ ਗੇਂਦ ‘ਤੇ 5ਵੀਂ ਵਿਕਟ ਲਈ। ਪਹਿਲੇ ਦਿਨ ਦੀ ਖੇਡ ਵਿੱਚ ਬੁਮਰਾਹ ਨੇ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਦੂਜੇ ਦਿਨ ਉਨ੍ਹਾਂ ਨੇ 17 ਦੌੜਾਂ ‘ਤੇ 5ਵੀਂ ਵਿਕਟ ਲਈ। ਬੁਮਰਾਹ ਨੇ ਐਲੇਕਸ ਕੈਰੀ ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਦਿੱਤਾ। ਨਾਲ ਹੀ ਉਨ੍ਹਾਂ ਨੇ ਕਈ ਰਿਕਾਰਡ ਵੀ ਬਣਾਏ, ਜਿਨ੍ਹਾਂ ‘ਚੋਂ ਇਕ ਕਪਿਲ ਦੇਵ ਦੇ ਰਿਕਾਰਡ ਨੂੰ ਪਿੱਛੇ ਛੱਡਣਆ ਵੀ ਸ਼ਾਮਲ ਸੀ।
ਆਸਟ੍ਰੇਲੀਆ 5ਵਾਂ ਦੇਸ਼ ਬਣਿਆ, ਜਿੱਥੇ ਬੁਮਰਾਹ ਨੇ ਕੀਤਾ ਇਹ ਚਮਤਕਾਰ
ਜਸਪ੍ਰੀਤ ਬੁਮਰਾਹ ਨੇ ਆਪਣੇ ਟੈਸਟ ਕਰੀਅਰ ‘ਚ 11ਵੀਂ ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਦੂਜੀ ਵਾਰ ਆਸਟ੍ਰੇਲੀਆ ਖਿਲਾਫ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦੇ ਖਿਲਾਫ ਦੋਵਾਂ ਮੌਕਿਆਂ ‘ਤੇ ਉਨ੍ਹਾਂ ਨੇ ਉਨ੍ਹਾਂ ਦੀ ਹੀ ਧਰਤੀ ‘ਤੇ 5 ਵਿਕਟਾਂ ਲਈਆਂ ਹਨ। ਇਸ ਨਾਲ ਆਸਟ੍ਰੇਲੀਆ ਹੁਣ 5ਵਾਂ ਦੇਸ਼ ਬਣ ਗਿਆ ਹੈ ਜਿੱਥੇ ਬੁਮਰਾਹ ਦੇ ਨਾਂ 2 ਜਾਂ ਇਸ ਤੋਂ ਵੱਧ ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਹੈ।
ਬੁਮਰਾਹ ਨੇ ਦੱਖਣੀ ਅਫਰੀਕਾ ‘ਚ 3 ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਉੱਧਰ, ਉਨ੍ਹਾਂ ਨੇ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਵੈਸਟਇੰਡੀਜ਼ ਵਿੱਚ 2-2 ਵਾਰ 5 ਤੋਂ ਵੱਧ ਵਿਕਟਾਂ ਲਈਆਂ ਹਨ।
ਬੁਮਰਾਹ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ
ਕਪਿਲ ਦੇਵ ਤੋਂ ਬਾਅਦ, ਜਸਪ੍ਰੀਤ ਬੁਮਰਾਹ ਭਾਰਤ ਦੇ ਦੂਜੇ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਨੇ ਸੇਨਾ ਦੇਸ਼ਾਂ ਵਿੱਚ ਸਭ ਤੋਂ ਵੱਧ 7 ਵਾਰ 5 ਤੋਂ ਵੱਧ ਵਿਕਟਾਂ ਲਈਆਂ ਹਨ। ਇੱਕ ਪਾਸੇ ਜਿੱਥੇ ਬੁਮਰਾਹ ਨੇ ਇਸ ਮਾਮਲੇ ਵਿੱਚ ਕਪਿਲ ਦੀ ਬਰਾਬਰੀ ਕਰ ਲਈ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਸਭ ਤੋਂ ਤੇਜ਼ੀ ਨਾਲ ਇਹ ਕਾਰਨਾਮਾ ਕਰਨ ਦਾ ਕਪਿਲ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਜਿੱਥੇ ਬੁਮਰਾਹ ਨੇ SENA ਦੇਸ਼ਾਂ ਵਿੱਚ 7 ਵਾਰ 5 ਤੋਂ ਵੱਧ ਵਿਕਟਾਂ ਲੈਣ ਲਈ ਸਿਰਫ 51 ਪਾਰੀਆਂ ਖੇਡੀਆਂ, ਕਪਿਲ ਦੇਵ ਨੇ 62 ਪਾਰੀਆਂ ਵਿੱਚ ਅਜਿਹਾ ਕੀਤਾ ਸੀ।
ਬੁਮਰਾਹ ਦੂਜੇ ਸਭ ਤੋਂ ਘੱਟ ਔਸਤ ਗੇਂਦਬਾਜ਼
ਆਸਟ੍ਰੇਲੀਆ ਖਿਲਾਫ ਟੈਸਟ ‘ਚ ਜਸਪ੍ਰੀਤ ਬੁਮਰਾਹ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਇਸ ਟੀਮ ਖਿਲਾਫ ਹੁਣ ਤੱਕ ਖੇਡੇ ਗਏ 8 ਮੈਚਾਂ ‘ਚ 37 ਵਿਕਟਾਂ ਲੈ ਚੁੱਕੇ ਹਨ। ਇਸ ਵਿੱਚ ਉਨ੍ਹਾਂ ਦੀਆਂ ਦੋ ਵਾਰ ਲਈਆਂ ਗਈਆਂ 5 ਵਿਕਟਾਂ ਵੀ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਦੀ ਗੇਂਦਬਾਜ਼ੀ ਔਸਤ 18.84 ਰਹੀ ਹੈ। ਵੈਸੇ, ਔਸਤ ਤੋਂ ਯਾਦ ਆਇਆ, ਬੁਮਰਾਹ ਟੈਸਟ ਕ੍ਰਿਕਟ ਵਿੱਚ ਘੱਟੋ-ਘੱਟ 125 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚੋਂ ਦੂਜੇ ਸਭ ਤੋਂ ਘੱਟ ਔਸਤ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਦੀ ਔਸਤ 20.20 ਹੈ। ਸਿਡਨੀ ਬਰਨਜ਼ ਦਾ ਬੁਮਰਾਹ ਨਾਲੋਂ ਘੱਟ ਔਸਤ (16.43) ਰਿਹਾ ਹੈ।