ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਕੀਤਾ ਜਾਰੀ

Updated On: 

28 Oct 2025 13:46 PM IST

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਸ਼ਹੀਦੀ ਜਾਗ੍ਰਿਤੀ ਯਾਤਰਾ ਦਾ ਸਵਾਗਤ ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿੱਥੇ ਸਨਾਤਨ ਧਰਮ ਮੰਦਿਰ ਨੇ ਖੜਗਪੁਰ 'ਚ ਯਾਤਰਾ ਦਾ ਸਵਾਗਤ ਕੀਤਾ, ਉੱਥੇ ਮੁਸਲਿਮ ਭਾਈਚਾਰੇ ਦੇ ਮੈਂਬਰ ਵੀ ਯਾਤਰਾ ਦਾ ਸਵਾਗਤ ਕਰਨ ਲਈ ਅੱਗੇ ਆਏ ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ।

Follow Us On

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਜਾਰੀ ਕੀਤਾ ਹੈ, ਜਿਸ ‘ਤੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਹੈ। ਸੰਗਤਾਂ ਦੋ ਹਜ਼ਾਰ ਰੁਪਏ ਦਾ ਦਾਨ ਦੇ ਕੇ ਇਸ ਨੂੰ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਗ੍ਰਿਤੀ ਯਾਤਰਾ ਦੌਰਾਨ ਪਾਲਕੀ ਸਾਹਿਬ ਚ ਸਿੱਕੇ ਰੱਖੇ ਗਏ ਹਨ ਤੇ ਸੰਗਤਾਂ ਉਨ੍ਹਾਂ ਨੂੰ ਲੈ ਸਕਦੀਆਂ ਹਨ।

ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਸ਼ਹੀਦੀ ਜਾਗ੍ਰਿਤੀ ਯਾਤਰਾ ਦਾ ਸਵਾਗਤ ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿੱਥੇ ਸਨਾਤਨ ਧਰਮ ਮੰਦਿਰ ਨੇ ਖੜਗਪੁਰ ਚ ਯਾਤਰਾ ਦਾ ਸਵਾਗਤ ਕੀਤਾ, ਉੱਥੇ ਮੁਸਲਿਮ ਭਾਈਚਾਰੇ ਦੇ ਮੈਂਬਰ ਵੀ ਯਾਤਰਾ ਦਾ ਸਵਾਗਤ ਕਰਨ ਲਈ ਅੱਗੇ ਆਏ ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ।

ਉਨ੍ਹਾਂ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਬੁਲਾਰੇ ਹਰਪਾਲ ਸਿੰਘ ਜੌਹਲ, ਮੈਨੇਜਰ ਹਰਜੀਤ ਸਿੰਘ ਤੇ ਨਾਰਾਇਣ ਸਿੰਘ ਯਾਤਰਾ ਦੌਰਾਨ ਸੰਗਤ ਦਾ ਮਾਰਗਦਰਸ਼ਨ ਕਰ ਰਹੇ ਹਨ। ਰਾਗੀ ਹਰਜੀਤ ਸਿੰਘ ਤੇ ਕਥਾ ਵਾਚਕ ਸਤਨਾਮ ਸਿੰਘ ਵੱਲੋਂ ਦੀਵਾਨ ਸਜਾਏ ਜਾ ਰਹੇ ਹਨ। ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਦਲੀਪ ਸਿੰਘ ਪਾਲਕੀ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ।

ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਸੰਗਤ ਜਾਗ੍ਰਿਤੀ ਯਾਤਰਾ ਪ੍ਰਤੀ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਹੈ ਤੇ ਜਿੱਥੇ ਵੀ ਯਾਤਰਾ ਲੰਘਦੀ ਹੈ, ਹਰ ਕੋਈ ਆਪਣੇ ਤਰੀਕੇ ਨਾਲ ਇਸ ਚ ਸ਼ਾਮਲ ਹੁੰਦਾ ਤੇ ਸਵਾਗਤ ਕਰਦਾ ਦਿਖਾਈ ਦਿੰਦਾ ਹੈ। ਉਨ੍ਹਾਂ ਤਖ਼ਤ ਪਟਨਾ ਸਾਹਿਬ ਕਮੇਟੀ ਦੀ ਪੂਰੀ ਟੀਮ, ਖਾਸ ਕਰਕੇ ਜਸਬੀਰ ਸਿੰਘ ਧਾਮ, ਮਨਵਿੰਦਰ ਸਿੰਘ ਬੈਨੀਪਾਲ ਤੇ ਸਮੁੱਚੇ ਸਟਾਫ਼ ਦਾ ਯਾਤਰਾ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ। ਉਨ੍ਹਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਦਾਰੀਆਂ ਤੇ ਸੰਗਤ ਦਾ ਵੀ ਧੰਨਵਾਦ ਕੀਤਾ ਜੋ ਯਾਤਰਾ ਦੇ ਰਸਤੇ ‘ਤੇ ਲੰਗਰ ਲਗਾ ਰਹੇ ਹਨ ਜਾਂ ਯਾਤਰਾ ਦਾ ਸਵਾਗਤ ਕਰ ਰਹੇ ਹਨ।