Gurdwara Sri Patti Sahib: ਨਨਕਾਣਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਪੱਟੀ ਸਾਹਿਬ ਦਾ ਇਤਿਹਾਸ
ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੁੱਝ ਦਿਨਾਂ ਬਾਅਦ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਨੂੰ ਦੁਨੀਆ ਭਰ ਦੀ ਸੰਗਤ ਵੱਡੇ ਪਿਆਰ ਤੇ ਸ਼ਰਧਾ ਨਾਲ ਮਨਾਏਗੀ। ਅੱਜ ਆਪਾਂ ਸਿੱਖ ਇਤਿਹਾਸ ਦੇ ਉਸ ਪਵਿੱਤਰ ਅਸਥਾਨ ਬਾਰੇ ਜਾਣਾਂਗੇ ਜਿੱਥੇ ਬਾਬਾ ਜੀ ਨੂੰ ਬਚਪਨ ਵਿੱਚ ਮਾਪਿਆਂ ਵੱਲੋਂ ਪੜ੍ਹਣ ਲਈ ਭੇਜਿਆ ਗਿਆ ਸੀ। ਉਸ ਪਵਿੱਤਰ ਅਸਥਾਨ ਤੇ ਅੱਜ ਗੁਰਦੁਆਰਾ ਸ਼੍ਰੀ ਪੱਟੀ ਸਾਹਿਬ ਸੁਸ਼ੋਭਿਤ ਹੈ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਜਿੱਥੇ ਜਿੱਥੇ ਵੀ ਬਾਬਾ ਨਾਨਕ ਸਾਹਿਬ ਦੇ ਚਰਨ ਪਏ ਉਹ ਧਰਤੀ ਭਾਗਾਂ ਵਾਲੀ ਹੋ ਗਈ। ਭਾਈ ਗੁਰਦਾਸ ਜੀ ਲਿਖਦੇ ਹਨ ਗੁਰੂ ਨਾਨਕ ਦੇਵ ਜੀ ਦਾ ਜਨਮ ਕਲਿਯੁਗ ਵਿੱਚ ਮਨੁੱਖਤਾ ਨੂੰ ਤਾਰਨ ਲਈ ਹੋਇਆ। ਜਦੋਂ ਪਾਤਸ਼ਾਹ ਜੀ ਨੇ ਰਾਇ ਭੋਇ ਦੀ ਤਲਵੰਡੀ (ਮੌਜੂਦਾ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਅਵਤਾਰ ਧਾਰਿਆ, ਉਸ ਵੇਲੇ ਪੰਜਾਬ ਸਮਾਜਿਕ ਤੇ ਧਾਰਮਿਕ ਉਥਲ-ਪੁਥਲ ਦੇ ਦੌਰ ਵਿੱਚ ਸੀ। ਸੱਤਾ ਵਿੱਚ ਬੈਠੀਆਂ ਤਾਕਤਾਂ ਗਰੀਬਾਂ ਤੇ ਅੱਤਿਆਚਾਰ ਕਰ ਰਹੀਆਂ ਸਨ।
ਪਰ ਬਾਬਾ ਨਾਨਕ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਨਵਾਂ ਜੋਸ਼ ਤੇ ਚਾਨਣ ਪੈਦਾ ਕੀਤਾ। ਉਹਨਾਂ ਨੇ ਮਨੁੱਖਤਾ, ਸੱਚ ਅਤੇ ਸਮਾਨਤਾ ਦਾ ਪਾਠ ਪੜ੍ਹਾ ਕੇ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ।
ਗੁਰੂ ਨਾਨਕ ਸਾਹਿਬ ਦਾ ਜਨਮ
ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਾਲ 1469 ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ। ਅੱਜ ਇਹ ਥਾਂ ਪਿਆਰ ਨਾਲ ਸ਼੍ਰੀ ਨਨਕਾਣਾ ਸਾਹਿਬ ਕਹਾਂਦੀ ਹੈ, ਜੋ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਗੁਰੂ ਸਾਹਿਬ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ। ਨਨਕਾਣਾ ਸਾਹਿਬ ਦੀ ਧਰਤੀ ਉੱਤੇ ਅੱਜ ਵੀ ਨੌਂ ਪ੍ਰਮੁੱਖ ਗੁਰੂਘਰ ਸਥਾਪਿਤ ਹਨ, ਜਿਨ੍ਹਾਂ ਦਾ ਸਬੰਧ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵੱਖ-ਵੱਖ ਪੜਾਅ ਨਾਲ ਹੈ।
ਇਹ ਵੀ ਪੜ੍ਹੋ
ਗੁਰਦੁਆਰਾ ਪੱਟੀ ਸਾਹਿਬ
ਨਨਕਾਣਾ ਸਾਹਿਬ ਦੀ ਇਸ ਪਵਿੱਤਰ ਧਰਤੀ ‘ਤੇ ਸਥਿਤ ਹੈ ਗੁਰਦੁਆਰਾ ਸ਼੍ਰੀ ਪੱਟੀ ਸਾਹਿਬ। ਇਥੇ ਹੀ ਗੁਰੂ ਨਾਨਕ ਸਾਹਿਬ ਦੇ ਮਾਪਿਆਂ ਨੇ ਬਾਲ ਰੂਪ ਵਿੱਚ ਉਹਨਾਂ ਨੂੰ ਪੰਡਿਤ ਗੋਪਾਲ ਦਾਸ ਜੀ ਕੋਲ ਪੜ੍ਹਾਈ ਲਈ ਭੇਜਿਆ। ਪੰਡਿਤ ਜੀ ਤਲਵੰਡੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਦੇਂਦੇ ਸਨ।
ਗੁਰੂ ਨਾਨਕ ਦੇਵ ਜੀ ਕੇਵਲ ਛੇ ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ, ਅਤੇ ਮੌਲਵੀ ਕੁਤਬੁਦੀਨ ਕੋਲ ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਸਿੱਖਣ ਲਈ ਗਏ। ਪਰ ਉਹਨਾਂ ਦੇ ਅਧਿਆਤਮਕ ਗਿਆਨ ਨੇ ਅਧਿਆਪਕਾਂ ਨੂੰ ਹੀ ਅਚਰਜ ਵਿੱਚ ਪਾ ਦਿੱਤਾ। ਇਸੀ ਥਾਂ ਗੁਰੂ ਸਾਹਿਬ ਨੇ ਪੱਟੀ ਬਾਣੀ ਦਾ ਉਚਾਰਨ ਕੀਤਾ, ਜੋ ਗਿਆਨ ਤੇ ਸਮਝ ਦੀ ਮਹੱਤਾ ਬਿਆਨ ਕਰਦੀ ਹੈ।


