ਅਮਰੀਕਾ ਨੇ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ, SGPC ਨੇ ਇਸ ਫ਼ੈਸਲੇ ਨੂੰ ਦੱਸਿਆ ਗਲਤ

Updated On: 

05 Oct 2025 10:52 AM IST

US Military Beard Ban Policy: ਅਮਰੀਕਾ ਨੇ ਫੌਜ 'ਚ ਦਾੜ੍ਹੀ ਰੱਖਣ 'ਤੇ ਪਾਬੰਦੀ ਲਗਾਈ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ। ਐਸਜੀਪੀਸੀ ਇਸ ਮਾਮਲੇ ਦਾ ਸਖ਼ਤ ਨੋਟਿਸ ਲਵੇਗੀ ਅਤੇ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਕੇ ਇਸ ਫ਼ੈਸਲੇ ਬਾਰੇ ਅਸਲ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਅਮਰੀਕਾ ਨੇ ਫੌਜ ਚ ਦਾੜ੍ਹੀ ਰੱਖਣ ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ, SGPC ਨੇ ਇਸ ਫ਼ੈਸਲੇ ਨੂੰ ਦੱਸਿਆ ਗਲਤ

Photo Credit: AI

Follow Us On

USA Army Beard Ban: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਦੀ ਸਰਕਾਰ ਵੱਲੋਂ ਫੌਜ ਵਿੱਚ ਦਾੜੀ ਰੱਖਣ ਤੇ ਪਾਬੰਦੀ ਲਗਾਉਣ ਦੀ ਖਬਰ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਸਿੱਧਾ ਅਸਰ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਭਾਈਚਾਰਿਆਂ ਤੇ ਪੈਣ ਦੀ ਸੰਭਾਵਨਾ ਹੈ, ਜੋ ਆਪਣੇ ਧਰਮ ਅਨੁਸਾਰ ਦਾੜੀ ਰੱਖਦੇ ਹਨ।

ਇਸ ਦੌਰਾਨ ਗਰੇਵਾਲ ਨੇ ਕਿਹਾ ਕਿ ਅਮਰੀਕਾ ਇੱਕ ਲੋਕਤੰਤਰਿਕ ਦੇਸ਼ ਹੈ, ਜਿੱਥੇ ਹਰ ਧਰਮ ਦੀ ਮਰਿਆਦਾ ਤੇ ਅਕੀਦਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਹ ਫ਼ੈਸਲਾ ਨਾ ਸਿਰਫ਼ ਧਾਰਮਿਕ ਆਜ਼ਾਦੀ ਤੇ ਪ੍ਰਹਾਰ ਹੈ, ਸਗੋਂ ਲੋਕਤੰਤਰ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਵੀ ਹੈ।

ਸ਼੍ਰੋਮਣੀ ਕਮੇਟੀ ਮਾਮਲੇ ਦਾ ਲਵੇਗੀ ਸਖ਼ਤ ਨੋਟਿਸ

ਉਨ੍ਹਾਂ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਇਸ ਮਾਮਲੇ ਦਾ ਸਖ਼ਤ ਨੋਟਿਸ ਲਵੇਗੀ ਅਤੇ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਕੇ ਇਸ ਫ਼ੈਸਲੇ ਬਾਰੇ ਅਸਲ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਗਰੇਵਾਲ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਛੋਟ ਚਾਹੀਦੀ ਹੈ ਤਾਂ ਅਰਜ਼ੀ ਦੇ ਕੇ ਮਨਜ਼ੂਰੀ ਲਈ ਜਾ ਸਕਦੀ ਹੈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਹਾਲੀਆ ਕਦਮ ਸਿੱਖਾਂ ਲਈ ਦੁਖਦਾਈ ਹਨ।

ਅਮਰੀਕਾ ਸਰਕਾਰ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨਿੰਦਾ

ਉਨ੍ਹਾਂ ਨੇ ਅਮਰੀਕਾ ਸਰਕਾਰ ਦੇ ਕੁਝ ਹੋਰ ਘਟਨਾਕ੍ਰਮਾਂ ਦਾ ਵੀ ਜ਼ਿਕਰ ਕੀਤਾ। ਜਿੱਥੇ ਭਾਰਤ ਤੋਂ ਗਏ ਨੌਜਵਾਨਾਂ ਨਾਲ ਧਾਰਮਿਕ ਆਧਾਰ ਤੇ ਬੇਇੱਜ਼ਤੀ ਭਰਾ ਵਰਤਾਵ ਕੀਤਾ ਗਿਆ। ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਹੱਥਕੜੀਆਂ ਪਾਈਆਂ ਗਈਆਂ। ਗਰੇਵਾਲ ਨੇ ਕਿਹਾ ਕਿ ਟਰੱਕ ਡਰਾਈਵਰਾਂ ਅਤੇ ਮਜ਼ਦੂਰ ਵਰਗ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦੀ ਸ਼੍ਰੋਮਣੀ ਕਮੇਟੀ ਤਿੱਖੀ ਨਿੰਦਾ ਕਰਦੀ ਹੈ।

ਉਨ੍ਹਾਂ ਨੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚਾਏ। ਕਿਉਂਕਿ ਸਿੱਖਾਂ ਨੇ ਅਮਰੀਕਾ ਦੀ ਆਰਥਿਕਤਾ ‘ਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਗਰੇਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਸ.ਜੀ.ਪੀ.ਸੀ. ਅਮਰੀਕੀ ਸਿੱਖ ਸੰਸਥਾਵਾਂ ਨਾਲ ਮਿਲ ਕੇ ਇਸ ਫ਼ੈਸਲੇ ਖ਼ਿਲਾਫ਼ ਅਗਲੀ ਕਾਰਵਾਈ ਦੀ ਰਣਨੀਤੀ ਤਿਆਰ ਕਰੇਗੀ ਤਾਂ ਜੋ ਸਿੱਖ ਪਹਿਚਾਣ ਤੇ ਮਰਿਆਦਾ ਦੀ ਰੱਖਿਆ ਕੀਤੀ ਜਾ ਸਕੇ।