ਤਰਨਤਾਰਨ: ਕਰਿਆਨਾ ਕਾਰੋਬਾਰੀ ਦਾ ਕਤਲ ਕਰਨ ਵਾਲਾ ਢੇਰ, ਐਨਕਾਊਂਟਰ ‘ਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
Tarntaran Encounter: ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ 'ਚ ਮੁਲਜ਼ਮ ਸੁਖਬੀਰ ਕੋਟਲੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਡੀਆਈਜੀ ਸਨੇਹ ਸ਼ਰਮਾ ਦੇ ਅਨੁਸਾਰ ਸੁਖਬੀਰ ਕੋਟਲੀ ਤਰਨਤਾਰਨ ਦੇ ਨਾਲ-ਨਾਲ ਗੁਰਦਾਸਪੁਰ ਪੁਲਿਸ ਨੂੰ ਵੀ ਵਾਂਟੇਡ ਸੀ ਤੇ ਉਸ ਖਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਗੰਭੀਰ ਅਪਰਾਧ ਮਾਮਲੇ ਦਰਜ ਸੀ।
ਤਰਨਤਾਰਨ ਦੇ ਖਡੂਰ ਸਾਹਿਬ ਰੋਡ ਵਿਖੇ ਭੁੱਲਰ ਪਿੰਡ ਦੇ ਕਰਿਆਨਾ ਕਾਰੋਬਾਰੀ ਦੇ ਕਤਲ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਾਂਟੇਡ ਮੁਲਜ਼ਮ ਸੁਖਬੀਰ ਕੋਟਲੀ ਦੀ ਪੁਲਿਸ ਐਨਾਕਾਊਂਟਰ ‘ਚ ਮੌਤ ਹੋ ਗਈ। ਗੋਇੰਦਵਾਲ ਸਾਹਿਬ ਦੇ ਕੋਲ ਪੁਲਿਸ ਟੀਮ ਜਦੋਂ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਤਰਨਤਾਰਨ ਪੁਲਿਸ ਨੇ ਐਤਵਾਰ ਨੂੰ ਹੀ ਮੁਲਜ਼ਮ ਸੁਖਬੀਰ ਕੋਟਲੀ ਦੇ ਪੋਸਟਰ ਜਾਰੀ ਕੀਤੇ ਸਨ ਤੇ ਉਸ ਦੀ ਭਾਲ ਤੇਜ਼ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਉਸ ਦੇ ਸਾਥੀ ਜਗਰੂਪ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪੁੱਛ-ਗਿੱਛ ‘ਚ ਅਹਿਮ ਖੁਲਾਸੇ ਹੋਏ ਸਨ।
ਕਰਿਆਨਾ ਕਾਰੋਬਾਰੀ ਦਾ ਕਤਲ
ਦੱਸ ਦੇਈਏ ਕਿ 1, ਦਸੰਬਰ ਨੂੰ ਸੁਖਬੀਰ ਕੋਟਲੀ ਤੇ ਉਸ ਦੇ ਸਾਥੀ ਨੇ ਭੁੱਲਰ ਪਿੰਡ ‘ਚ ਕਰਿਆਨਾ ਕਾਰੋਬਾਰੀ ਦਲਜੀਤ ਸਿੰਘ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਸੀ। ਕਾਰੋਬਾਰੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਕਾਰੋਬਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਉਹ ਮੌਕੇ ਤੋਂ ਫ਼ਰਾਰ ਹੋ ਗਏ ਸਨ।


