ਲੁਧਿਆਣਾ: ਸਤਲੁਜ ‘ਚ ਫਿਰ ਵਧਿਆ ਪਾਣੀ ਦਾ ਪੱਧਰ, ਸਸਰਾਲੀ ‘ਚ ਖ਼ਤਰਾ, ਕਿਨਾਰੇ ਤੱਕ ਪਹੁੰਚਿਆ ਪਾਣੀ
Ludhiana Sasrali: ਲੋਕ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਦਰਿਆ ਦੇ ਕਿਨਾਰੇ ਪਹੁੰਚ ਰਹੇ ਹਨ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਪਿਛਲੇ ਕਈ ਦਿਨਾਂ ਤੋਂ ਸਤਲੁਜ਼ 'ਚ 10 ਹਜ਼ਾਰ ਕਿਊਸਕ ਤੋਂ ਘੱਟ ਪਾਣੀ ਵਹਿ ਰਿਹਾ ਸੀ। ਬੀਤੇ ਦਿਨ ਤੋਂ ਲਗਾਤਾਰ ਪਾਣੀ ਵੱਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਣੀ ਕਿਨਾਰੇ 'ਤੇ ਲਗਾਏ ਗਏ ਮਿੱਟੀ ਦੇ ਬੋਰਿਆਂ ਤੋਂ ਕਾਫੀ ਪਿੱਛੇ ਚਲਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਪਾਣੀ ਦਾ ਪੱਧਰ ਵੱਧ ਗਿਆ ਹੈ।
ਲੁਧਿਆਣਾ ਦੀ ਸਸਰਾਲੀ ਕਲੋਨੀ ‘ਚ ਇੱਕ ਵਾਰ ਫਿਰ ਖ਼ਤਰਾ ਵੱਧ ਗਿਆ ਹੈ। ਸਤਲੁਜ ਦਰਿਆ ਇੱਕ ਵਾਰ ਫਿਰ ਉਫ਼ਾਨ ‘ਤੇ ਹੈ ਤੇ ਕਿਸਾਨਾਂ ਦੀਆਂ ਜ਼ਮੀਨ ਨੂੰ ਕਟਾਅ ਨੂੰ ਬਚਾਉਣ ਲਈ ਲਗਾਏ ਗਏ ਮਿੱਟੀ ਦੇ ਬੋਰੇ ਪਾਣੀ ‘ਚ ਸਮਾ ਰਹੇ ਹਨ। ਅੱਜ ਵੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਅਲਰਟ ਹੈ। ਅਜਿਹੇ ‘ਚ ਸਸਰਾਲੀ ਸਮੇਤ ਧੁੱਲੇਵਾਲ, ਗੜੀ ਫ਼ਜ਼ਲ, ਖਹਿਰਾ ਬੇਟ ਤੇ ਹੋਰ ਇਲਾਕਿਆਂ ਦੇ ਲੋਕ ਡਰੇ ਹੋਏ ਹਨ।
ਲੋਕ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਦਰਿਆ ਦੇ ਕਿਨਾਰੇ ਪਹੁੰਚ ਰਹੇ ਹਨ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਪਿਛਲੇ ਕਈ ਦਿਨਾਂ ਤੋਂ ਸਤਲੁਜ਼ ‘ਚ 10 ਹਜ਼ਾਰ ਕਿਊਸਕ ਤੋਂ ਘੱਟ ਪਾਣੀ ਵਹਿ ਰਿਹਾ ਸੀ। ਬੀਤੇ ਦਿਨ ਤੋਂ ਲਗਾਤਾਰ ਪਾਣੀ ਵੱਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਣੀ ਕਿਨਾਰੇ ‘ਤੇ ਲਗਾਏ ਗਏ ਮਿੱਟੀ ਦੇ ਬੋਰਿਆਂ ਤੋਂ ਕਾਫੀ ਪਿੱਛੇ ਚਲਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਪਾਣੀ ਦਾ ਪੱਧਰ ਵੱਧ ਗਿਆ ਹੈ।
ਪਾਣੀ ਅਸਥਾਈ ਤੌਰ ‘ਤੇ ਮਜ਼ਬੂਤ ਕੀਤੇ ਗਏ ਬੰਨ੍ਹਾਂ ਤੱਕ ਪਹੁੰਚ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਬੋਰਿਆਂ ਦੇ ਉੱਪਰ ਤੱਕ ਪਹੁੰਚ ਗਿਆ ਹੈ ਤੇ ਕਈ ਥਾਂਵਾਂ ‘ਤੇ ਕਟਾਅ ਵੀ ਸ਼ੁਰੂ ਹੋ ਗਿਆ ਹੈ।
ਪ੍ਰਸ਼ਾਸਨ ਨੇ ਟੀਮਾਂ ਕੀਤੀਆਂ ਤੈਨਾਤ
ਪਹਾੜਾਂ ਤੇ ਪੰਜਾਬ ‘ਚ ਹੋ ਰਹੀ ਲਗਾਤਾਰ ਬਾਰਿਸ਼ ਦੇ ਚੱਲਦਿਆਂ ਭਾਖੜਾ ਬਿਆਸ ਮਨੇਜਮੈਂਟ ਬੋਰਡ ਨੇ ਭਾਖੜਾ ਡੈਮ ਤੋਂ 40 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਛੱਡਿਆ ਸੀ। ਸਤਲੁਜ ‘ਚ ਪਾਣੀ ਵੱਧਣ ‘ਤੇ ਖ਼ਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਅਜਿਹੇ ‘ਚ ਕਈ ਸੰਵੇਦਨਸ਼ੀਲ ਇਲਾਕਿਆਂ ‘ਚ ਪ੍ਰਸ਼ਾਸਨ ਨੇ ਟੀਮਾਂ ਤੈਨਾਤ ਕਰ ਦਿੱਤੀਆਂ ਹਨ।
ਐਸਡੀਐਮ ਲੁਧਿਆਣਾ ਈਸਟ ਜਸਲੀਨ ਭੁੱਲਰ ਨੇ ਦੱਸਿਆ ਕਿ ਸਤਲੁਜ ‘ਚ ਜਿੱਥੇ-ਜਿੱਥੇ ਬੰਨ੍ਹ ਕਮਜ਼ੋਰ ਹੋਏ ਹਨ ਜਾਂ ਬੰਨ੍ਹ ਨੇੜਿਓਂ ਪਾਣੀ ਵਹਿ ਰਿਹਾ ਹੈ, ਉੱਥੇ ਟੀਮਾਂ ਤੈਨਾਤ ਕੀਤੀਆਂ ਗਈਆਂ ਤੇ ਉਨ੍ਹਾਂ ਤੋਂ ਲਗਾਤਾਰ ਸਥਿਤੀ ਦੀ ਰਿਪੋਰਟ ਲਈ ਜਾ ਰਹੀ ਹੈ।


