ਜਲੰਧਰ: ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਤੋਂ 2 ਲੱਖ ਦੀ ਲੁੱਟ, ਘਟਨਾ CCTV ‘ਚ ਕੈਦ
Jalandhar Petrol Pump Loot: ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਵਿਰੋਧ ਕੀਤਾ ਤੇ ਘਟਨਾ ਤੋਂ ਬਾਅਦ ਲੁਟੇਰਿਆਂ ਦਾ ਪਿੱਛਾ ਕੀਤਾ, ਪਰ ਲੁਟੇਰਿਆਂ ਨੇ ਪਿਸਤੌਲ ਨਾਲ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਭੱਜ ਗਏ। ਇਸ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਲੰਧਰ ‘ਚ ਕਾਲਾ ਸੰਘਿਕਾ ਰੋਡ ‘ਤੇ ਸਥਿਤ ਰਾਜ ਐਂਡ ਵਿਜ ਫਿਲਿੰਗ ਸਟੇਸ਼ਨ ਪੈਟਰੋਲ ਪੰਪ ‘ਤੇ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰਿਆਂ ਨੇ ਡਕੈਤੀ ਕੀਤੀ। ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀ ‘ਤੇ ਹਮਲਾ ਕੀਤਾ ਤੇ ਪਿਸਤੌਲ ਤਾਣ ਕੇ ਲਗਭਗ 2 ਲੱਖ ਰੁਪਏ ਚੋਰੀ ਕਰ ਲਏ। ਇਹ ਡਕੈਤੀ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਲਾਂਬੜਾ ਪੁਲਿਸ ਸਟੇਸ਼ਨ ਕਲਰਕ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਨੂੰ ਵਾਪਰੀ। ਸਟੇਸ਼ਨ ਕਲਰਕ ਨੇ ਦੱਸਿਆ ਕਿ ਪੈਟਰੋਲ ਪੰਪ ‘ਤੇ ਸੀਸੀਟੀਵੀ ਕੈਮਰਿਆਂ ‘ਚ ਸਮੇਂ ਅਤੇ ਤਾਰੀਖ ਦਾ ਮਸਲਾ ਹੈ, ਸੀਸੀਟੀਵੀ ‘ਚ ਘਟਨਾ 9, ਦਸੰਬਰ ਦੀ ਦਿਖਾਈ ਗਈ ਹੈ, ਪਰ ਇਹ ਘਟਨਾ ਬੀਤੇ ਦਿਨ ਦੀ ਹੈ।
ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਵਿਰੋਧ ਕੀਤਾ ਤੇ ਘਟਨਾ ਤੋਂ ਬਾਅਦ ਲੁਟੇਰਿਆਂ ਦਾ ਪਿੱਛਾ ਕੀਤਾ, ਪਰ ਲੁਟੇਰਿਆਂ ਨੇ ਪਿਸਤੌਲ ਨਾਲ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਭੱਜ ਗਏ। ਇਸ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੈਟਰੋਲ ਪੰਪ ਦੇ ਕਰਮਚਾਰੀ ਹਰਸ਼ ਚੋਪੜਾ ਨੇ ਦੱਸਿਆ ਕਿ ਇਹ ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ। ਉਸ ਸਮੇਂ ਪੰਪ ‘ਤੇ ਕੁੱਲ ਚਾਰ ਕਰਮਚਾਰੀ ਮੌਜੂਦ ਸਨ।
ਉਸੇ ਵੇਲੇ, ਦੋ ਅਣਪਛਾਤੇ ਵਿਅਕਤੀ ਪੈਦਲ ਪੈਟਰੋਲ ਪੰਪ ‘ਤੇ ਪਹੁੰਚੇ ਤੇ ਪਿਸਤੌਲ ਲਹਿਰਾਉਂਦੇ ਹੋਏ ਕਰਮਚਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੋ ਕਰਮਚਾਰੀਆਂ ‘ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਇੱਕ ਕਮਰੇ ‘ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਲਗਭਗ ਦੋ ਲੱਖ ਰੁਪਏ ਨਕਦੀ ਲੁੱਟ ਲਈ ਤੇ ਖੇਤਾਂ ‘ਚ ਭੱਜ ਗਏ, ਜਿਸਦੀ ਸੂਚਨਾ ਪੁਲਿਸ ਨੇ ਲਾਂਬੜਾ ਪੁਲਿਸ ਸਟੇਸ਼ਨ ਨੂੰ ਦਿੱਤੀ।
ਪੀੜਤ ਧਿਰ ਨੇ ਐਸਐਸਪੀ ਨੂੰ ਅਪੀਲ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਲਾਂਬੜਾ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਐਸਆਈ ਗੁਰਮੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਦੋ ਲੁਟੇਰੇ ਪੈਟਰੋਲ ਪੰਪ ਲੁੱਟ ਕਰਕੇ ਭੱਜ ਗਏ ਹਨ। ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਵਾਰਦਾਤ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।