ਕੀ ਆਤਮਘਾਤੀ ਹਮਲਾ ਹੈ ਦਿੱਲੀ ਬਲਾਸਟ? ਪੁਲਵਾਮਾ ਤੱਕ ਪਹੁੰਚੀ ਜਾਂਚ, ਹਿਰਾਸਤ ‘ਚ ਕਾਰ ਮਾਲਕ
Delhi Blast Investigation: ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ ਤੇ ਸਥਾਨਕ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੋਬਾਈਲ ਡੇਟਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਅੱਤਵਾਦੀਆਂ ਨਾਲ ਸਬੰਧਤ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।
ਰਾਜਧਾਨੀ ਦਿੱਲੀ ‘ਚ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਧਮਾਕੇ ਦੀ ਗੂੰਜ ਨਾਲ ਪੂਰਾ ਦੇਸ਼ ਹਿੱਲ ਗਿਆ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਬਾਹਰ ਇੱਕ ਕਾਰ ‘ਚ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਨੇੜਲੇ ਵਾਹਨਾਂ ਨੂੰ ਚਕਨਾਚੂਰ ਕਰ ਦਿੱਤਾ ਤੇ ਅੱਗ ਲੱਗ ਗਈ, ਜਿਸ ਨਾਲ ਪੂਰੇ ਖੇਤਰ ‘ਚ ਦਹਿਸ਼ਤ ਫੈਲ ਗਈ। ਇਸ ਦੌਰਾਨ, ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA), ਵਿਸਫੋਟਕ ਐਕਟ ਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਹਾਲਾਂਕਿ, ਹੁਣ ਵੱਡਾ ਸਵਾਲ ਇਹ ਹੈ ਕਿ ਇਸ ਧਮਾਕੇ ਪਿੱਛੇ ਕੌਣ ਹੈ? ਕੀ ਇਹ ਆਤਮਘਾਤੀ ਹਮਲਾ ਹੈ? ਕਾਰ ਦੀ ਜਾਂਚ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਹਾਲਾਂਕਿ, ਅਜੇ ਤੱਕ ਅੱਤਵਾਦੀ ਹਮਲੇ ਦੀ ਪੁਸ਼ਟੀ ਨਹੀਂ ਹੋਈ ਹੈ।
UAPA ਅਧੀਨ ਕੇਸ ਦਰਜ
ਦਿੱਲੀ ਪੁਲਿਸ ਨੇ ਕਿਹਾ ਕਿ UAPA ਦੀਆਂ ਧਾਰਾਵਾਂ 16, 18, ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤੇ BNS ਤਹਿਤ ਕੋਤਵਾਲੀ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਧਮਾਕੇ ‘ਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਤੇ 20 ਹੋਰ ਜ਼ਖਮੀ ਹੋ ਗਏ।
ਹਰ ਐਂਗਲ ਤੋਂ ਹੋ ਰਹੀ ਜਾਂਚ
ਇਸ ਤੋਂ ਪਹਿਲਾਂ, ਏਐਨਆਈ ਨਾਲ ਗੱਲ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ‘ਚ ਲਾਲ ਕਿਲ੍ਹੇ ਨੇੜੇ ਸੁਭਾਸ਼ ਮਾਰਗ ਟ੍ਰੈਫਿਕ ਸਿਗਨਲ ‘ਤੇ ਸ਼ਾਮ 7 ਵਜੇ ਇੱਕ Hyundai i20 ਕਾਰ ‘ਚ ਧਮਾਕਾ ਹੋਇਆ। ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਧਮਾਕੇ ਦੀ ਸੂਚਨਾ ਮਿਲਣ ਦੇ 10 ਮਿੰਟਾਂ ਦੇ ਅੰਦਰ, ਦਿੱਲੀ ਕ੍ਰਾਈਮ ਬ੍ਰਾਂਚ ਤੇ ਦਿੱਲੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਮੈਂ ਦਿੱਲੀ ਸੀਪੀ ਤੇ ਸਪੈਸ਼ਲ ਬ੍ਰਾਂਚ ਇੰਚਾਰਜ ਨਾਲ ਵੀ ਗੱਲ ਕੀਤੀ ਹੈ। ਅਸੀਂ ਸਾਰੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ ਅਤੇ ਪੂਰੀ ਜਾਂਚ ਕਰਾਂਗੇ।”
ਇਹ ਵੀ ਪੜ੍ਹੋ
ਹਿਰਾਸਤ ‘ਚ ਕਾਰ ਮਾਲਕ ਮੁਹੰਮਦ ਸਲਮਾਨ
ਦਿੱਲੀ ਪੁਲਿਸ ਨੇ ਦੇਰ ਸ਼ਾਮ ਕਾਰ ਮਾਲਕ ਮੁਹੰਮਦ ਸਲਮਾਨ ਨੂੰ ਹਿਰਾਸਤ ‘ਚ ਲਿਆ ਤੇ ਉਸ ਤੋਂ ਗੱਡੀ ਬਾਰੇ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਡੇਢ ਸਾਲ ਪਹਿਲਾਂ ਓਖਲਾ ‘ਚ ਦੇਵੇਂਦਰ ਨਾਮਕ ਵਿਅਕਤੀ ਨੂੰ ਕਾਰ ਵੇਚੀ ਸੀ। ਅਧਿਕਾਰੀ ਨੇ ਅੱਗੇ ਕਿਹਾ ਕਿ ਕਾਰ ਬਾਅਦ ‘ਚ ਅੰਬਾਲਾ ਵਿੱਚ ਕਿਸੇ ਨੂੰ ਤੇ ਫਿਰ ਪੁਲਵਾਮਾ ਵਿੱਚ ਤਾਰਿਕ ਨਾਮਕ ਵਿਅਕਤੀ ਨੂੰ ਵੇਚ ਦਿੱਤੀ ਗਈ ਸੀ। ਪੁਲਿਸ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੀ ਹੈ।
ਦਿੱਲੀ ‘ਚ ਹਾਈ ਅਲਰਟ
ਦਿੱਲੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਵਾਹਨਾਂ ਦੀ ਜਾਂਚ ਦੇ ਨਾਲ-ਨਾਲ ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਧਮਾਕੇ ਤੋਂ ਬਾਅਦ, ਸੜਦੀਆਂ ਕਾਰਾਂ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਹੌਲੀ ਚੱਲ ਰਹੀ ਗੱਡੀ ਲਾਲ ਬੱਤੀ ‘ਤੇ ਰੁਕੀ ਅਤੇ ਧਮਾਕਾ ਹੋ ਗਿਆ, ਜਿਸ ਨਾਲ ਨੇੜਲੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨਾਲ ਗੱਲ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਮਾਕੇ ਤੋਂ ਬਾਅਦ ਦਿੱਲੀ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਉਨ੍ਹਾਂ ਨੇ ਧਮਾਕੇ ‘ਚ ਹੋਈਆਂ ਮੌਤਾਂ ਲਈ ਸੰਵੇਦਨਾ ਵੀ ਪ੍ਰਗਟ ਕੀਤੀ। ਅਜੇ ਤੱਕ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ
ਪੁਲਿਸ ਧਮਾਕੇ ਤੋਂ ਪਹਿਲਾਂ ਕਾਰ ਦੁਆਰਾ ਲਏ ਗਏ ਰਸਤੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਸਕੈਨ ਕਰ ਰਹੀ ਹੈ। ਉਹ ਸਥਾਨਕ ਨਿਵਾਸੀਆਂ ਤੋਂ ਪੁੱਛਗਿੱਛ ਕਰ ਰਹੇ ਹਨ ਤੇ ਗਵਾਹਾਂ ਨੂੰ ਘਟਨਾ ਤੋਂ ਪਹਿਲਾਂ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਹਿ ਰਹੇ ਹਨ। ਅਧਿਕਾਰੀਆਂ ਦੇ ਅਨੁਸਾਰ, ਮੋਬਾਈਲ ਡੰਪ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਸ਼ੱਕੀ ਅੱਤਵਾਦੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।


