ਬਾਬਾ ਰਾਮਦੇਵ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ 1 ਕਰੋੜ ਦੀ ਮਦਦ
Baba Ramdev Donation Punjab Floods: ਬਾਬਾ ਰਾਮਦੇਵ ਨੇ ਸਪੱਸ਼ਟ ਕੀਤਾ ਕਿ ਇਹ ਰਕਮ ਕੋਈ ਵੱਡੀ ਭੇਟ ਨਹੀਂ ਸਗੋਂ ਗੁਰੂ ਦੀ ਸੇਵਾ ਵੱਲ ਇਕ ਛੋਟੀ ਜਿਹੀ ਅਹੂਤੀ ਹੈ। ਉਨ੍ਹਾਂ ਨੇ ਪੰਜਾਬੀ ਕੌਮ ਨੂੰ ਬਹਾਦਰ ਤੇ ਹਿੰਮਤ ਵਾਲੀ ਕੌਮ ਕਰਾਰ ਦਿੰਦਿਆਂ ਕਿਹਾ ਕਿ ਭਾਵੇਂ ਹਾਲ ਹੀ 'ਚ ਆਏ ਹੜ੍ਹ ਕਾਰਨ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਪਰ ਪੰਜਾਬ ਜਲਦੀ ਹੀ ਇਸ ਸੰਕਟ ਤੋਂ ਬਾਹਰ ਨਿਕਲੇਗਾ ਤੇ ਮੁੜ ਆਪਣੇ ਪੈਰਾਂ 'ਤੇ ਖੜਾ ਹੋਵੇਗਾ।
ਯੋਗ ਗੁਰੂ ਬਾਬਾ ਰਾਮਦੇਵ ਨੇ ਬੁੱਧਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਤੋਂ ਅਸੀਸ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਰਾਹਤ ਫੰਡ ਲਈ ਭੇਂਟ ਕੀਤਾ। ਇਸ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਅੱਜ ਵੀ ਮਨੁੱਖਤਾ ਲਈ ਰਾਹਦਾਰੀ ਹੈ। ਉਨ੍ਹਾਂ ਕਿਹਾ ਕਿ ਸੇਵਾ ਹੀ ਅਸਲ ਧਰਮ ਹੈ ਤੇ ਜਦੋਂ ਕਿਸੇ ਕੌਮ ਜਾਂ ਖੇਤਰ ‘ਤੇ ਮੁਸੀਬਤ ਆਉਂਦੀ ਹੈ ਤਾਂ ਮਨੁੱਖਤਾ ਦੇ ਨਾਤੇ ਸਭ ਨੂੰ ਅੱਗੇ ਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਬਾਬਾ ਰਾਮਦੇਵ ਨੇ ਸਪੱਸ਼ਟ ਕੀਤਾ ਕਿ ਇਹ ਰਕਮ ਕੋਈ ਵੱਡੀ ਭੇਟ ਨਹੀਂ ਸਗੋਂ ਗੁਰੂ ਦੀ ਸੇਵਾ ਵੱਲ ਇਕ ਛੋਟੀ ਜਿਹੀ ਅਹੂਤੀ ਹੈ। ਉਨ੍ਹਾਂ ਨੇ ਪੰਜਾਬੀ ਕੌਮ ਨੂੰ ਬਹਾਦਰ ਤੇ ਹਿੰਮਤ ਵਾਲੀ ਕੌਮ ਕਰਾਰ ਦਿੰਦਿਆਂ ਕਿਹਾ ਕਿ ਭਾਵੇਂ ਹਾਲ ਹੀ ‘ਚ ਆਏ ਹੜ੍ਹ ਕਾਰਨ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਪਰ ਪੰਜਾਬ ਜਲਦੀ ਹੀ ਇਸ ਸੰਕਟ ਤੋਂ ਬਾਹਰ ਨਿਕਲੇਗਾ ਤੇ ਮੁੜ ਆਪਣੇ ਪੈਰਾਂ ‘ਤੇ ਖੜਾ ਹੋਵੇਗਾ। ਉਨ੍ਹਾਂ ਨੇ ਐਸਜੀਪੀਸੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ
ਇਸ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੜ੍ਹ ਦੌਰਾਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਲੋਕਾਂ ਦੀਆਂ ਫਸਲਾਂ ਤੇ ਪਸ਼ੂ-ਪਾਲਣ ਬਰਬਾਦ ਹੋਏ ਤੇ ਕਈਆਂ ਨੇ ਆਪਣਾ ਘਰ-ਵਿਹੜਾ ਗੁਆ ਲਿਆ। ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਤੇ ਲੋਕਾਂ ਵੱਲੋਂ ਵੀ ਮਾਇਆ ਦੇ ਰੂਪ ‘ਚ ਸਹਿਯੋਗ ਮਿਲ ਰਿਹਾ ਹੈ। ਧਾਮੀ ਨੇ ਬਾਬਾ ਰਾਮਦੇਵ ਵੱਲੋਂ ਦਿੱਤੇ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਵੱਡੀ ਪ੍ਰੇਰਨਾ ਹੈ। ਉਨ੍ਹਾਂ ਦੱਸਿਆ ਕਿ ਰਾਮਦੇਵ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਜੇ ਅੱਗੇ ਹੋਰ ਲੋੜ ਪਈ ਤਾਂ ਉਹ ਮੁੜ ਵੀ ਮਦਦ ਲਈ ਹਾਜ਼ਰ ਹੋਣਗੇ। ਇਸ ਮੌਕੇ ਧਾਮੀ ਨੇ ਬਾਬਾ ਰਾਮਦੇਵ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ‘ਚ ਸ਼ਮੂਲੀਅਤ ਲਈ ਵੀ ਸੱਦਾ ਦਿੱਤਾ, ਜੋ ਆਉਣ ਵਾਲੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ‘ਚ ਕਰਵਾਏ ਜਾਣਗੇ। ਰਾਮਦੇਵ ਨੇ ਇਹ ਸੱਦਾ ਕਬੂਲ ਕਰਦਿਆਂ ਕਿਹਾ ਕਿ ਉਹ ਜ਼ਰੂਰ ਇਨ੍ਹਾਂ ਸਮਾਗਮਾਂ ‘ਚ ਪਹੁੰਚਣਗੇ। ਬਾਬਾ ਰਾਮਦੇਵ ਨੇ ਕਿਹਾ ਕਿ ਸਿੱਖ ਗੁਰੂਆਂ ਦੇ ਬਲਿਦਾਨਾਂ ਤੋਂ ਬਿਨਾਂ ਨਾ ਤਾਂ ਹਿੰਦੂ ਧਰਮ ਬਚ ਸਕਦਾ ਸੀ ਤੇ ਨਾ ਹੀ ਦੇਸ਼ ਦੀ ਆਜ਼ਾਦੀ ਸੰਭਵ ਸੀ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਉਪਦੇਸ਼ ਸਿਰਫ਼ ਸਿੱਖ ਕੌਮ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹਨ ਤੇ ਅੱਜ ਦੇ ਸਮੇਂ ‘ਚ ਸਭ ਨੂੰ ਇਨ੍ਹਾਂ ਤੋਂ ਸਿੱਖ ਲੈ ਕੇ ਆਪਸੀ ਭਰਾਵਾਂ ਦੇ ਨਾਲ ਮਿਲਕੇ ਸੇਵਾ ਕਰਨੀ ਚਾਹੀਦੀ ਹੈ।
