‘ਕੁਝ ਤਾਂ ਗੜਬੜ ਹੈ, ਸ਼ਿੰਦੇ ਦੇ ਸਾਰੇ ਉਮੀਦਵਾਰ ਕਿਵੇਂ ਜਿੱਤ ਸਕਦੇ ਹਨ’, ਸੰਜੇ ਰਾਉਤ ਨੇ ਮਹਾਰਾਸ਼ਟਰ ਚੋਣ ਨਤੀਜਿਆਂ ‘ਤੇ ਚੁੱਕੇ ਸਵਾਲ
Maharashtra Election Results: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ ਭਾਜਪਾ ਗਠਜੋੜ ਵੱਡੀ ਜਿੱਤ ਵੱਲ ਵਧ ਰਿਹਾ ਹੈ, ਜਦਕਿ ਵਿਰੋਧੀ ਖੇਮੇ ਦੀ ਬੇਚੈਨੀ ਵਧਦੀ ਜਾ ਰਹੀ ਹੈ। ਸ਼ਿਵ ਸੈਨਾ ਊਧਵ ਧੜੇ ਦੇ ਨੇਤਾ ਸੰਜੇ ਰਾਉਤ ਨੇ ਨਤੀਜਿਆਂ 'ਤੇ ਸਵਾਲ ਉਠਾਏ ਹਨ ਅਤੇ ਬੇਨਿਯਮੀਆਂ ਦਾ ਖਦਸ਼ਾ ਜਤਾਇਆ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਭਾਜਪਾ ਗਠਜੋੜ ਨੂੰ ਭਾਰੀ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਜਿਸ ਕਾਰਨ ਵਿਰੋਧੀ ਖੇਮੇ ਵਿੱਚ ਬੇਚੈਨੀ ਵਧ ਗਈ ਹੈ। ਵਿਰੋਧੀ ਧੜੇ ਤੋਂ ਸ਼ਿਵ ਸੈਨਾ ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਊਤ ਨੇ ਨਤੀਜਿਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੰਜੇ ਰਾਉਤ ਨੇ ਨਤੀਜਿਆਂ ‘ਚ ਬੇਨਿਯਮੀਆਂ ਦਾ ਖਦਸ਼ਾ ਪ੍ਰਗਟਾਇਆ ਹੈ।
ਸ਼ਿੰਦੇ ਦੇ ਸਾਰੇ ਉਮੀਦਵਾਰ ਕਿਵੇਂ ਜਿੱਤ ਸਕਦੇ ਹਨ?
ਉਨ੍ਹਾਂ ਕਿਹਾ ਹੈ ਕਿ ਇਹ ਮਹਾਰਾਸ਼ਟਰ ਦੇ ਲੋਕਾਂ ਦੀ ਇੱਛਾ ਨਹੀਂ ਹੋ ਸਕਦੀ, ਅਸੀਂ ਮਹਾਰਾਸ਼ਟਰ ਦੇ ਲੋਕ ਜਾਣਦੇ ਹਾਂ। ਸੰਜੇ ਰਾਉਤ ਨੇ ਕਿਹਾ ਹੈ ਕਿ ਇਹ ਜਨਤਾ ਦਾ ਫੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸ਼ਿੰਦੇ ਦੇ ਸਾਰੇ ਉਮੀਦਵਾਰ ਜਿੱਤ ਰਹੇ ਹਨ। ਰਾਉਤ ਨੇ ਕਿਹਾ ਕਿ ਏਕਨਾਥ ਸ਼ਿੰਦੇ ਨੇ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਇਕ ਵੀ ਉਮੀਦਵਾਰ ਨਹੀਂ ਹਾਰੇਗਾ, ਅਤੇ ਰੁਝਾਨਾਂ ਵਿਚ ਵੀ ਇਹੀ ਦਿਖਾਈ ਦੇ ਰਿਹਾ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਸੰਜੇ ਰਾਉਤ ਨੇ ਕਿਹਾ ਕਿ ਇਹ ਨਤੀਜੇ ਨਾ ਤਾਂ ਸਾਨੂੰ ਮਨਜ਼ੂਰ ਹਨ ਅਤੇ ਨਾ ਹੀ ਜਨਤਾ ਨੂੰ।
ਰਾਉਤ ਦਾ ਬੀਜੇਪੀ ‘ਤੇ ਵੱਡਾ ਇਲਜ਼ਾਮ
ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਸੰਜੇ ਰਾਊਤ ਨੇ ਕਿਹਾ ਕਿ ਉਦੋਂ ਵੀ ਉਨ੍ਹਾਂ ਨੇ ਸਾਡੇ ਕੋਲੋਂ 4 ਜਾਂ 5 ਸੀਟਾਂ ਚੋਰੀ ਕੀਤੀਆਂ ਸਨ, ਅਸੀਂ ਉਦੋਂ ਵੀ ਇਹ ਸਵਾਲ ਉਠਾਇਆ ਸੀ। ਸੰਜੇ ਰਾਉਤ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਦੀ ਰਣਨੀਤੀ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਕਿਸੇ ਨੂੰ ਨਾ ਮਿਲੇ।
ਦਰਅਸਲ, 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਲਈ ਸਾਨੂੰ 145 ਸੀਟਾਂ ਜਿੱਤਣੀਆਂ ਚਾਹੀਦੀਆਂ ਹਨ, ਪਰ ਮਹਾਯੁਤੀ ਗਠਜੋੜ 200 ਤੋਂ ਵੱਧ ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ। ਜਦਕਿ ਰੁਝਾਨਾਂ ‘ਚ ਮਹਾਵਿਕਾਸ ਅਘਾੜੀ ਗਠਜੋੜ ਨੂੰ ਸਿਰਫ 50 ਸੀਟਾਂ ‘ਤੇ ਹੀ ਲੀਡ ਮਿਲੀ ਹੈ।