ਲੁਧਿਆਣਾ ਦੀ ਕੁੜੀ ਨਾਲ ਜਲੰਧਰ ਵਿੱਚ ਜਬਰ-ਜਨਾਹ, ਪਹਿਲਾਂ ਬਣਿਆ ਦੋਸਤ, ਫਿਰ…
Jalandhar Gang Rape: ਲੁਧਿਆਣੇ ਦੀ ਇੱਕ ਕੁੜੀ ਨਾਲ ਜਲੰਧਰ ਦੇ ਇੱਕ ਹੋਟਲ ਵਿੱਚ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਉਸਦੇ ਦੋਸਤ ਰਾਹੁਲ ਅਤੇ ਇੱਕ ਹੋਰ ਵਿਅਕਤੀ ਨੇ ਉਸ ਨਾਲ ਜਬਰਦਸਤੀ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਜਲੰਧਰ ਨੇੜੇ ਇੱਕ ਹੋਟਲ ਵਿੱਚ ਲੁਧਿਆਣਾ ਦੀ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਦੋ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜ ਗਏ। ਇਸ ਮਾਮਲੇ ਵਿੱਚ ਟਿੱਬਾ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਪੀੜਤਾ ਨੇ ਕਿਹਾ ਕਿ ਉਸਦੀ ਦੋਸਤੀ ਰਾਹੁਲ ਨਾਮ ਦੇ ਮੁੰਡੇ ਨਾਲ ਹੋ ਗਈ ਸੀ, ਜੋ ਕਿ ਅਕਸਰ ਆਪਣੀ ਭੈਣ ਕੋਲ ਆਇਆ ਕਰਦਾ ਸੀ। ਪੀੜਤਾ ਅਨੁਸਾਰ ਦੋਸਤੀ ਮਗਰੋਂ ਰਾਹੁਲ ਅਕਸਰ ਉਸ ਨਾਲ ਫ਼ੋਨ ‘ਤੇ ਗੱਲ ਕਰਦਾ ਸੀ। ਅਗਸਤ 2024 ਵਿੱਚ, ਰਾਹੁਲ ਆਪਣੀ ਭੈਣ ਦੇ ਘਰ ਆਇਆ। ਇੱਕ ਰਾਤ ਉਸਨੇ ਪੀੜਤਾ ਨੂੰ ਘਰ ਦੇ ਸਾਹਮਣੇ ਖੇਤਾਂ ਵਿੱਚ ਬੁਲਾਇਆ ਅਤੇ ਉੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ।
ਹੋਟਲ ਵਿੱਚ ਹੋਇਆ ਜਬਰ-ਜਨਾਹ
ਪੀੜਤਾ ਨੇ ਅੱਗੇ ਕਿਹਾ ਕਿ 1 ਮਾਰਚ, 2025 ਨੂੰ ਰਾਹੁਲ ਨੇ ਉਸਨੂੰ ਦੁਬਾਰਾ ਮਿਲਣ ਲਈ ਬੁਲਾਇਆ। ਉਹ ਉਸਨੂੰ ਬਸਤੀ ਜੋਧੇਵਾਲ ਚੌਕ ‘ਤੇ ਮਿਲਣ ਗਈ, ਜਿੱਥੇ ਰਾਹੁਲ ਆਪਣੀ ਮੋਟਰਸਾਈਕਲ ‘ਤੇ ਆਇਆ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਸੀ। ਦੋਵੇਂ ਮੁਲਜ਼ਮ ਉਸਨੂੰ ਜਲੰਧਰ ਨੇੜੇ ਇੱਕ ਹੋਟਲ ਲੈ ਗਏ। ਉੱਥੇ ਦੋਵਾਂ ਨੇ ਉਸਦੀ ਮਰਜ਼ੀ ਦੇ ਵਿਰੁੱਧ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲਿਸ ਨੇ ਕੀਤਾ ਮਾਮਲਾ ਦਰਜ
ਟਿੱਬਾ ਪੁਲਿਸ ਸਟੇਸ਼ਨ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ।